ਆਪਣਾ ਪੰਜਾਬ ਮੀਡੀਆ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਐਤਵਾਰ ਨੂੰ ਸਵੀਡਨ ਦੇ ਸਰਵਉੱਚ ਸਨਮਾਨ ‘ਰੌਇਲ ਆਰਡਰ ਆਫ਼ ਪੋਲਰ ਸਟਾਰ’ (Royal Order of Polar Star) ਨਾਲ ਨਿਵਾਜਿਆ ਗਿਆ। ਇਹ ਇਸ ਸਕੈਂਡੀਨੇਵਿਆਈ ਦੇਸ਼ ਵੱਲੋਂ ਕਿਸੇ ਵੀ ਦੇਸ਼ ਦੇ ਸਰਕਾਰ ਦੇ ਮੁਖੀ ਨੂੰ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਅਤੇ ਵੱਕਾਰੀ ਸਨਮਾਨ ਹੈ। ਇਹ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਵਾਲਾ 31ਵਾਂ ਸਰਵਉੱਚ ਸਨਮਾਨ ਹੈ, ਜੋ ਵਿਸ਼ਵ ਪੱਧਰ ‘ਤੇ ਉਨ੍ਹਾਂ ਦੀ ਮਜ਼ਬੂਤ ਲੀਡਰਸ਼ਿਪ ਨੂੰ ਦਰਸਾਉਂਦਾ ਹੈ।
ਸਵੀਡਨ ਦੇ ਇਸ ਸਰਵਉੱਚ ਸਨਮਾਨ ਦਾ ਇਤਿਹਾਸ ਅਤੇ ਮਹੱਤਵ ‘ਰੌਇਲ ਆਰਡਰ ਆਫ਼ ਪੋਲਰ ਸਟਾਰ’ ਦੀ ਸਥਾਪਨਾ ਸਾਲ 1748 ਵਿੱਚ ਕੀਤੀ ਗਈ ਸੀ। ਸਵੀਡਨ ਸਰਕਾਰ ਦੀ ਵੈੱਬਸਾਈਟ ਮੁਤਾਬਕ, ਇਹ ਵੱਕਾਰੀ ਪੁਰਸਕਾਰ ਸਵੀਡਨ ਦੇ ਹਿੱਤਾਂ ਲਈ ਕੀਤੇ ਗਏ ਨਿੱਜੀ ਯਤਨਾਂ, ਜਨਤਕ ਗਤੀਵਿਧੀਆਂ ਦੇ ਖੇਤਰ ਵਿੱਚ ਬਿਹਤਰੀਨ ਕੰਮ ਕਰਨ ਅਤੇ ਸਰਕਾਰੀ ਜ਼ਿੰਮੇਵਾਰੀਆਂ ਨੂੰ ਸਫ਼ਲਤਾਪੂਰਵਕ ਨਿਭਾਉਣ ਲਈ ਦਿੱਤਾ ਜਾਂਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਦੋ ਦਿਨਾ ਦੌਰੇ ‘ਤੇ ਸਵੀਡਨ ਪਹੁੰਚੇ ਹਨ। ਗੋਥਨਬਰਗ ਹਵਾਈ ਅੱਡੇ ‘ਤੇ ਪਹੁੰਚਣ ‘ਤੇ ਉਨ੍ਹਾਂ ਦੇ ਸਵੀਡਿਸ਼ ਹਮਰੁਤਬਾ ਉਲਫ਼ ਕ੍ਰਿਸਟਰਸਨ ਨੇ ਖ਼ੁਦ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਦੌਰੇ ਨੂੰ ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਵੱਲ ਇੱਕ ਵੱਡੇ ਕਦਮ ਵਜੋਂ ਦੇਖਿਆ ਜਾ ਰਿਹਾ ਹੈ।

