ਆਪਣਾ ਪੰਜਾਬ ਮੀਡੀਆ : ਆਹਲੂਵਾਲੀਆ ਬਨਾਮ ਆਹਲੂਵਾਲੀਆ ਮਾਮਲੇ ਵਿੱਚ ਕੈਨੇਡਾ ਦੀ ਸੁਪਰੀਮ ਕੋਰਟ ਨੇ ਇੱਕ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ “ਇੰਟੀਮੇਟ ਪਾਰਟਨਰ ਵਾਇਲੈਂਸ” ਲਈ ਨਵਾਂ ਸਿਵਲ ਕਾਨੂੰਨੀ ਹੱਕ ਮਨਜ਼ੂਰ ਕੀਤਾ ਹੈ। ਹੁਣ ਘਰੇਲੂ ਜਾਂ ਸਾਥੀ ਵੱਲੋਂ ਹੋਈ ਹਿੰਸਾ ਦੇ ਪੀੜਤ ਲੋਕ ਮਨੋਵਿਗਿਆਨਕ ਅਤੇ ਜਜ਼ਬਾਤੀ ਨੁਕਸਾਨ ਲਈ ਵੀ ਹਰਜਾਨੇ ਦੀ ਮੰਗ ਕਰ ਸਕਣਗੇ। ਸੁਪਰੀਮ ਕੋਰਟ ਨੇ 6-3 ਦੇ ਬਹੁਮਤ ਨਾਲ ਇਹ ਫੈਸਲਾ ਦਿੱਤਾ। ਅਦਾਲਤ ਨੇ ਕਿਹਾ ਕਿ ਮੌਜੂਦਾ ਕਾਨੂੰਨ ਘਰੇਲੂ ਹਿੰਸਾ ਨਾਲ ਹੋਣ ਵਾਲੇ “ਆਤਮ-ਸਨਮਾਨ, ਆਜ਼ਾਦੀ ਅਤੇ ਸਮਾਨਤਾ ਦੇ ਨੁਕਸਾਨ” ਨੂੰ ਪੂਰੀ ਤਰ੍ਹਾਂ ਨਹੀਂ ਸਮਝਦੇ। ਜੱਜ ਨਿਕੋਲਸ ਕੈਸੀਰਰ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਸਾਥੀ ਉੱਤੇ ਲਗਾਤਾਰ ਦਬਾਅ ਅਤੇ ਕਾਬੂ ਬਣਾਉਣਾ ਇੱਕ ਵੱਖਰੀ ਕਿਸਮ ਦੀ ਹਿੰਸਾ ਹੈ, ਜਿਸ ਲਈ ਵੱਖਰਾ ਕਾਨੂੰਨੀ ਇਲਾਜ ਲਾਜ਼ਮੀ ਹੈ।
ਇਹ ਮਾਮਲਾ ਅੰਮ੍ਰਿਤ ਆਹਲੂਵਾਲੀਆ ਅਤੇ ਕੁਲਦੀਪ ਆਹਲੂਵਾਲੀਆ ਦੇ ਵਿਆਹ ਸਬੰਧੀ ਵਿਵਾਦ ਨਾਲ ਜੁੜਿਆ ਹੋਇਆ ਸੀ। ਟਰਾਇਲ ਕੋਰਟ ਨੇ ਪਹਿਲਾਂ ਹੀ ਪੀੜਤਾ ਨੂੰ 1.5 ਲੱਖ ਡਾਲਰ ਹਰਜਾਨਾ ਦੇਣ ਦਾ ਹੁਕਮ ਦਿੱਤਾ ਸੀ।ਇਸ ਫੈਸਲੇ ਨੂੰ ਕੈਨੇਡਾ ਵਿੱਚ ਘਰੇਲੂ ਹਿੰਸਾ ਦੇ ਮਾਮਲਿਆਂ ਲਈ ਇੱਕ ਵੱਡਾ ਮੋੜ ਮੰਨਿਆ ਜਾ ਰਿਹਾ ਹੈ। ਕਾਨੂੰਨੀ ਮਾਹਿਰਾਂ ਅਨੁਸਾਰ, ਇਸ ਨਾਲ ਭਵਿੱਖ ਵਿੱਚ ਮਨੋਵਿਗਿਆਨਕ ਅਤੇ ਜਜ਼ਬਾਤੀ ਤਸ਼ੱਦਦ ਦੇ ਪੀੜਤਾਂ ਨੂੰ ਨਿਆਂ ਲੈਣ ਵਿੱਚ ਵੱਡੀ ਮਦਦ ਮਿਲੇਗੀ।

