ਆਪਣਾ ਪੰਜਾਬ ਮੀਡੀਆ : ਅਰਬਪਤੀ ਬੈਂਕਰ ਉਦੈ ਕੋਟਕ ਨੇ ਅੱਜ ਭਾਰਤੀਆਂ ਨੂੰ ਚੌਕਸ ਕਰਦਿਆਂ ਕਿਹਾ ਹੈ ਕਿ ਜੇਕਰ ਪੱਛਮੀ ਏਸ਼ੀਆ (ਇਰਾਨ) ਦੀ ਜੰਗ ਭਲਕੇ ਸਵੇਰ ਤੱਕ ਨਹੀਂ ਰੁਕਦੀ ਤਾਂ ਤੇਲ ਦੀਆਂ ਕੀਮਤਾਂ ਵਿੱਚ ਵੱਡੇ ਵਾਧੇ ਦਾ ਝਟਕਾ ਲੱਗਣ ਵਾਲਾ ਹੈ।
ਕੋਟਕ ਮਹਿੰਦਰਾ ਬੈਂਕ ਦੇ ਸੰਸਥਾਪਕ ਨੇ ਇੱਕ ਸਥਾਨਕ ਵਪਾਰਕ ਸੰਮੇਲਨ ਵਿੱਚ ਸੰਬੋਧਨ ਕਰਦਿਆਂ ਕਿਹਾ, “ਸਾਨੂੰ ਮਾੜੇ ਤੋਂ ਮਾੜੇ ਹਾਲਾਤ ਲਈ ਤਿਆਰ ਰਹਿਣਾ ਚਾਹੀਦਾ ਹੈ। ਇਹ ਸਭ ਤਿਆਰੀ ਬਾਰੇ ਹੈ। ਝਟਕਾ ਲੱਗਣ ਦੀ ਉਡੀਕ ਕਰਨ ਦੀ ਬਜਾਏ ਔਖੇ ਸਮੇਂ ਲਈ ਪਹਿਲਾਂ ਹੀ ਤਿਆਰ ਰਹੋ। ਮੈਨੂੰ ਲੱਗਦਾ ਹੈ ਕਿ ਤੁਸੀਂ ਇਸ ਦਾ ਅਸਰ ਦੇਖਣਾ ਸ਼ੁਰੂ ਕਰੋਗੇ। ਪਿਛਲੇ ਦੋ ਮਹੀਨਿਆਂ ਵਿੱਚ ਅਸੀਂ ਊਰਜਾ ਦੀਆਂ ਕੀਮਤਾਂ ਵਿੱਚ ਤਬਦੀਲੀ ਦੇ ਰੂਪ ਵਿੱਚ ਪੱਛਮੀ ਏਸ਼ੀਆ ਦੀ ਜੰਗ ਦਾ ਪ੍ਰਭਾਵ ਅਜੇ ਨਹੀਂ ਦੇਖਿਆ ਹੈ। ਇਹ ਝਟਕਾ ਆਉਣ ਵਾਲਾ ਹੈ ਅਤੇ ਇਹ ਬਹੁਤ ਵੱਡਾ ਹੋਵੇਗਾ।”
ਉਦੈ ਕੋਟਕ ਨੇ ਕਿਹਾ ਕਿ ਖਪਤਕਾਰਾਂ ਨੇ ਹਾਲੇ ਤੱਕ ਕੀਮਤਾਂ ਦੇ ਇਸ ਦਬਾਅ ਨੂੰ ਬਿਲਕੁਲ ਵੀ ਮਹਿਸੂਸ ਨਹੀਂ ਕੀਤਾ ਹੈ। ਉਨ੍ਹਾਂ ਚਿੰਤਾ ਜ਼ਾਹਰ ਕਰਦਿਆਂ ਕਿਹਾ, “ਉਸ ਖਪਤਕਾਰ ਬਾਰੇ ਸੋਚੋ ਜਿਸ ਦੀ ਆਮਦਨ ਸੀਮਤ ਹੈ, ਉਸ ਨੂੰ ਸਿੱਧੇ ਤੌਰ ‘ਤੇ ਤੇਲ ‘ਤੇ ਅਤੇ ਅਸਿੱਧੇ ਤੌਰ ‘ਤੇ ਤੇਲ ‘ਤੇ ਨਿਰਭਰ ਹੋਰ ਚੀਜ਼ਾਂ ‘ਤੇ ਜ਼ਿਆਦਾ ਖਰਚ ਕਰਨਾ ਪਵੇਗਾ।
ਸਾਡੇ ਕੋਲ ਪੁਰਾਣਾ ਸਟਾਕ (ਇਨਵੈਂਟਰੀ) ਸੀ ਅਤੇ ਤੇਲ ਕੰਪਨੀਆਂ ਨੇ ਹੁਣ ਤੱਕ ਇਸ ਝਟਕੇ ਨੂੰ ਆਪਣੇ ਉੱਪਰ ਸਹਾਰਿਆ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਹੁਣ ਇਸ ਝਟਕੇ ਤੋਂ ਬਹੁਤ ਦੂਰ ਹੋ।”ਉਨ੍ਹਾਂ ਚਿਤਾਵਨੀ ਦਿੱਤੀ ਕਿ ਇਹ ਇੱਕ ਅਜਿਹੀ ਸਥਿਤੀ ਹੈ ਜਿਸ ਦਾ ਕਿਸੇ ਕੋਲ ਕੋਈ ਜਵਾਬ ਨਹੀਂ ਹੈ, ਜਦੋਂ ਤੱਕ ਕਿ ਇਰਾਨ ਦੀ ਜੰਗ ਭਲਕੇ ਸਵੇਰ ਤੱਕ ਬੰਦ ਨਹੀਂ ਹੋ ਜਾਂਦੀ। ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਅ ਕਾਰਨ ਵਿਸ਼ਵ ਪੱਧਰ ‘ਤੇ ਕੱਚੇ ਤੇਲ ਦੀ ਸਪਲਾਈ ‘ਤੇ ਦਬਾਅ ਲਗਪਗ ਲਗਾਤਾਰ ਵਧਦਾ ਜਾ ਰਿਹਾ ਹੈ।

