ਆਪਣਾ ਪੰਜਾਬ ਮੀਡੀਆ : ਨੋਇਡਾ ਇੰਟਰਨੈਸ਼ਨਲ ਏਅਰਪੋਰਟ (NIA) ਨੇ ਅੱਜ ਦੱਸਿਆ ਹੈ ਕਿ 15 ਜੂਨ ਤੋਂ ਹਵਾਈ ਅੱਡੇ ਤੋਂ ਵਪਾਰਕ ਉਡਾਣਾਂ ਸ਼ੁਰੂ ਹੋ ਜਾਣਗੀਆਂ। ਇਹ ਦਿੱਲੀ-ਐਨ.ਸੀ.ਆਰ (NCR) ਅਤੇ ਉੱਤਰ ਭਾਰਤ ਦੇ ਯਾਤਰੀਆਂ, ਏਅਰਲਾਈਨਾਂ ਅਤੇ ਕਾਰਗੋ ਅਪਰੇਟਰਾਂ ਲਈ ਇੱਕ ਨਵਾਂ ਰਸਤਾ ਖੋਲ੍ਹੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਵਾਈ ਅੱਡੇ ਦੇ ਉਦਘਾਟਨ ਤੋਂ ਬਾਅਦ ਹੁਣ ‘ਬਿਊਰੋ ਆਫ ਸਿਵਲ ਐਵੀਏਸ਼ਨ ਸਕਿਓਰਿਟੀ’ (BCAS) ਨੇ ਵੀ ਸੁਰੱਖਿਆ ਪ੍ਰਬੰਧਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਹਵਾਈ ਅੱਡੇ ਦਾ ਸੁਰੱਖਿਆ ਢਾਂਚਾ ਅਤੇ ਕੰਮ ਕਰਨ ਦੇ ਤਰੀਕੇ ਸਰਕਾਰੀ ਨਿਯਮਾਂ ਅਨੁਸਾਰ ਬਿਲਕੁਲ ਤਿਆਰ ਹਨ।
ਇਹ ਹਵਾਈ ਅੱਡਾ ਸਵਿਸ ਤਕਨੀਕ (Swiss efficiency) ਅਤੇ ਭਾਰਤੀ ਮਹਿਮਾਨਨਿਵਾਜ਼ੀ ਦੇ ਸੁਮੇਲ ਨਾਲ ਤਿਆਰ ਕਰਵਾਇਆ ਗਿਆ ਹੈ। ਇਸ ਨੂੰ ਹਵਾਈ ਯਾਤਰਾ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਬਹੁਤ ਹੀ ਆਧੁਨਿਕ ਤਰੀਕੇ ਨਾਲ ਬਣਾਇਆ ਗਿਆ ਹੈ।ਇਸ ਹਵਾਈ ਅੱਡੇ ਦੇ ਸ਼ੁਰੂ ਹੋਣ ਨਾਲ ਪੱਛਮੀ ਉੱਤਰ ਪ੍ਰਦੇਸ਼ ਵਿੱਚ ਸੈਰ-ਸਪਾਟਾ, ਵਪਾਰ ਅਤੇ ਨਿਵੇਸ਼ ਦੇ ਨਵੇਂ ਮੌਕੇ ਪੈਦਾ ਹੋਣਗੇ।ਫਿਲਹਾਲ ਇਸ ਹਵਾਈ ਅੱਡੇ ‘ਤੇ ਇੱਕ ਰਨਵੇਅ ਅਤੇ ਇੱਕ ਟਰਮੀਨਲ ਹੈ, ਜਿਸ ਦੀ ਸਮਰੱਥਾ ਸਾਲਾਨਾ 1.2 ਕਰੋੜ ਯਾਤਰੀਆਂ ਦੀ ਹੈ। ਭਵਿੱਖ ਵਿੱਚ ਇਸ ਨੂੰ 7 ਕਰੋੜ ਯਾਤਰੀਆਂ ਤੱਕ ਵਧਾਉਣ ਦੀ ਯੋਜਨਾ ਹੈ।
ਇਸ ਪ੍ਰੋਜੈਕਟ ਨੂੰ ਵਿਕਸਤ ਕਰਨ ਦੀ ਜ਼ਿੰਮੇਵਾਰੀ ‘ਯਮੁਨਾ ਇੰਟਰਨੈਸ਼ਨਲ ਏਅਰਪੋਰਟ ਪ੍ਰਾਈਵੇਟ ਲਿਮਟਿਡ’ (YIAPL) ਦੀ ਹੈ, ਜੋ ਕਿ ‘ਜ਼ਿਊਰਿਖ ਏਅਰਪੋਰਟ ਇੰਟਰਨੈਸ਼ਨਲ’ ਦੀ ਇੱਕ ਸਹਾਇਕ ਕੰਪਨੀ ਹੈ। ਇਹ ਪ੍ਰੋਜੈਕਟ ਭਾਰਤ ਸਰਕਾਰ ਅਤੇ ਉੱਤਰ ਪ੍ਰਦੇਸ਼ ਸਰਕਾਰ ਦੀ ਭਾਈਵਾਲੀ ਨਾਲ 40 ਸਾਲਾਂ ਦੇ ਸਮਝੌਤੇ ਤਹਿਤ ਚਲਾਇਆ ਜਾ ਰਿਹਾ ਹੈ।

