ਮਹਿਲਾ ਰਾਖਵਾਂਕਰਨ ਬਿੱਲ ਲਾਗੂ ਕਰਨ ’ਚ ਕੋਈ ਕਸਰ ਨਹੀਂ ਛੱਡਾਂਗੇ: ਪੀ ਐਮ ਮੋਦੀ

News Online
2 Min Read

ਆਪਣਾ ਪੰਜਾਬ ਮੀਡੀਆ : ਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ, ਸਮਾਜਵਾਦੀ ਪਾਰਟੀ, ਤ੍ਰਿਣਮੂਲ ਕਾਂਗਰਸ ਤੇ ਡੀ ਐੱਮ ਕੇ ਸਣੇ ਵਿਰੋਧੀ ਪਾਰਟੀਆਂ ’ਤੇ ਮਹਿਲਾ ਰਾਖਵਾਂਕਰਨ ਨਾਲ ਸਬੰਧਤ ਬਿੱਲ ਰੋਕਣ ਲਈ ਹਮਲਾ ਬੋਲਦਿਆਂ ਕਿਹਾ ਕਿ ਮਹਿਲਾ ਰਾਖਵਾਂਕਰਨ ਅਧਿਕਾਰ ਲਾਗੂ ਕਰਾਉਣ ਲਈ ਉਹ ਕੋਈ ਕਸਰ ਨਹੀਂ ਛੱਡਣਗੇ। ਸੰਸਦ ’ਚ ਇਸ ਸਬੰਧੀ ਬਿੱਲ ਡਿੱਗਣ ਮਗਰੋਂ ਪਹਿਲੀ ਵਾਰ ਆਪਣੇ ਸੰਸਦੀ ਹਲਕੇ ਵਾਰਾਣਸੀ ਦੇ ਦੋ ਰੋਜ਼ਾ ਦੌਰੇ ’ਤੇ ਪੁੱਜੇ ਪ੍ਰਧਾਨ ਮੰਤਰੀ ਮੋਦੀ ਨੇ ਅੱਜ ‘ਜਨ ਆਕਰੋਸ਼ ਮਹਿਲਾ ਸੰਮੇਲਨ’ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਅੱਜ ਇਸ ਪ੍ਰੋਗਰਾਮ ’ਚ ਮੈਂ ਸਾਰੀਆਂ ਮਾਵਾਂ-ਧੀਆਂ ਤੋਂ ਮਹਾਂਯੱਗ ਸ਼ੁਰੂ ਕਰਨ ਲਈ ਆਸ਼ੀਰਵਾਦ ਲੈਣ ਆਇਆ ਹਾਂ।

ਕਾਸ਼ੀ ਦੇ ਸੰਸਦ ਮੈਂਬਰ, ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਮੈਨੂੰ ਦੇਸ਼ ਹਿੱਤ ’ਚ ਵੱਡੇ ਟੀਚੇ ਦੀ ਪ੍ਰਾਪਤੀ ਲਈ ਤੁਹਾਡਾ ਸਾਰਿਆਂ ਦੀ ਆਸ਼ੀਰਵਾਦ ਚਾਹੀਦਾ ਹੈ। ਇਹ ਵੱਡਾ ਟੀਚਾ ਲੋਕ ਸਭਾ ਵਿਧਾਨ ਸਭਾ ’ਚ ਔਰਤਾਂ ਲਈ ਰਾਖਵਾਂਕਰਨ ਲਾਗੂ ਕਰਨਾ ਹੈ।’’ ਵਿਰੋਧੀ ਪਾਰਟੀਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ, ਸਪਾ, ਟੀ ਐੱਮ ਸੀ ਅਤੇ ਡੀ ਐੱਮ ਕੇ ਵਰਗੀਆਂ ‘ਪਰਿਵਾਰਵਾਦੀ ਪਾਰਟੀਆਂ’ ਨੇ ‘ਔਰਤਾਂ ਨਾਲ ਵਿਸ਼ਵਾਸਘਾਤ’ ਕੀਤਾ ਹੈ। ਉਨ੍ਹਾਂ ਵਾਰਾਣਸੀ ਤੋਂ ਪੁਣੇ ਅਤੇ ਅਯੁੱਧਿਆ ਤੋਂ ਮੁੰਬਈ ਦਰਮਿਆਨ ਦੋ ਵੰਦੇ ਭਾਰਤ ਰੇਲ ਗੱਡੀਆਂ ਨੂੰ ਹਰੀ ਝੰਡੀ ਵੀ ਦਿਖਾਈ।

ਪ੍ਰਧਾਨ ਮੰਤਰੀ ਨੇ 6350 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਵੀ ਕੀਤੀ। ਇਸ ਤੋਂ ਪਹਿਲਾਂ ਦਿਨੇ ਪ੍ਰਧਾਨ ਮੰਤਰੀ ਮੋਦੀ ਨੇ ਸਿੱਕਮ ਦੀ ਰਾਜਧਾਨੀ ਗੰਗਟੋਕ ’ਚ ਪਾਲਜੋਰ ਸਟੇਡੀਅਮ ’ਚ ਸੂਬੇ ਦੀ ਸਥਾਪਨਾ ਦੇ 50 ਸਾਲ ਪੂਰੇ ਹੋਣ ਮੌਕੇ ਕਰਵਾਏ ਸਮਾਗਮ ਦੇ ਸਮਾਪਤੀ ਪ੍ਰੋਗਰਾਮ ’ਚ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਸਰਕਾਰ ਸਿੱਕਮ ਦਾ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਲਈ ਵਚਨਬੱਧ ਹੈ ਜਿਸ ’ਚ ਪੱਛਮੀ ਬੰਗਾਲ ਦੇ ਬਾਗਡੋਗਰਾ ਤੋਂ ਐਕਸਪ੍ਰੈੱਸਵੇਅ ਦਾ ਨਿਰਮਾਣ ਅਤੇ ਸੈਲਾਨੀਆਂ ਦੀ ਗਿਣਤੀ ’ਚ ਵਾਧੇ ਲਈ ਗੰਗਟੋਕ ’ਚ ਰਿੰਗ ਰੋਡ ਦਾ ਨਿਰਮਾਣ ਸ਼ਾਮਲ ਹੈ।’’ ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ’ਚ ਰੋਪਵੇਅ ਤੇ ਸਕਾਈਵੇਅ ਪ੍ਰਾਜੈਕਟ ਵਿਚਾਰ ਅਧੀਨ ਹਨ ਅਤੇ ਵਧੇਰੇ ਸੈਲਾਨੀਆਂ ਦੀ ਆਮਦ ਯਕੀਨੀ ਬਣਾਉਣ ਲਈ ਨਾਥੂਲਾ ’ਚ ਐਕਸਪ੍ਰੈੱਸਵੇਅ ਦਾ ਨਿਰਮਾਣ ਕੀਤਾ ਜਾਵੇਗਾ।

Share This Article
Leave a Comment

Leave a Reply