ਆਪਣਾ ਪੰਜਾਬ ਮੀਡੀਆ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਲੰਘੀ ਰਾਤ ਵਿਸ਼ੇਸ਼ ਚੋਣਾਂ ’ਚ ਜਿੱਤ ਹਾਸਲ ਕਰ ਕੇ ਆਪਣੀ ਸਰਕਾਰ ਲਈ ਬਹੁਮਤ ਯਕੀਨੀ ਬਣਾ ਲਿਆ ਹੈ। ਇਸ ਨਾਲ ਉਨ੍ਹਾਂ ਦੀ ਲਿਬਰਲ ਪਾਰਟੀ ਹੁਣ ਵਿਰੋਧੀ ਪਾਰਟੀਆਂ ਦੀ ਹਮਾਇਤ ਤੋਂ ਬਿਨਾਂ ਵੀ ਕਾਨੂੰਨ ਪਾਸ ਕਰ ਸਕੇਗੀ। ਇਸੇ ਦੌਰਾਨ ਕਾਰਨੀ ਨੇ ਬਹੁਮਤ ਵਾਲੀ ਸਰਕਾਰ ਬਣਾਉਣ ਤੋਂ ਬਾਅਦ ਪਹਿਲੇ ਵੱਡੇ ਫੈਸਲੇ ਵਜੋਂ ਇਰਾਨ ਜੰਗ ਦੇ ਮੱਦੇਨਜ਼ਰ ਈਂਧਨ ਟੈਕਸ ’ਤੇ ਰੋਕ ਲਗਾ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਤੇਲ ਦੀਆਂ ਕੀਮਤਾਂ ਵਿੱਚ ਹੋ ਰਹੇ ਤੇਜ਼ੀ ਨਾਲ ਵਾਧੇ ਕਾਰਨ, ਉਹ ਅਗਲੇ ਸੋਮਵਾਰ ਤੋਂ ਲੈ ਕੇ ਮਜ਼ਦੂਰ ਦਿਵਸ ਤੱਕ ਫੈਡਰਲ ਈਂਧਨ ਐਕਸਾਈਜ਼ ਟੈਕਸ ’ਤੇ ਰੋਕ ਲਗਾ ਰਹੇ ਹਨ। ਵੋਟਰਾਂ ਨੇ 343 ਚੋਣ ਹਲਕਿਆਂ ’ਚੋਂ ਤਿੰਨ ਖਾਲੀ ਸੀਟਾਂ ਲਈ ਵੋਟ ਪਾਈ। ਟੋਰਾਂਟੋ ’ਚ ਲਿਬਰਲ ਪਾਰਟੀ ਦੇ ਉਮੀਦਵਾਰ ਡੇਨੀਅਲ ਮਾਰਟਿਨ ਨੇ ਯੂਨੀਵਰਸਿਟੀ ਰੋਜ਼ਡੇਲ ਜ਼ਿਲ੍ਹੇ ਤੋਂ ਚੋਣ ਜਿੱਤੀ ਅਤੇ ਲਿਬਰਲ ਪਾਰਟੀ ਦੀ ਉਮੀਦਵਾਰ ਡੌਲੀ ਬੇਗਮ ਨੇ ਸਕਾਰਬੋਰੋ ਸਾਊਥਵੈਸਟ ਜ਼ਿਲ੍ਹੇ ਤੋਂ ਜਿੱਤ ਹਾਸਲ ਕੀਤੀ।
ਕਿਊਬੈਕ ਜ਼ਿਲ੍ਹੇ ਦੇ ਨਤੀਜੇ ਬਾਅਦ ਵਿੱਚ ਆਉਣ ਦੀ ਉਮੀਦ ਹੈ। ਇਨ੍ਹਾਂ ਨਤੀਜਿਆਂ ਤੋਂ ਬਾਅਦ ਲਿਬਰਲ ਪਾਰਟੀ 2029 ਤੱਕ ਸੱਤਾ ’ਚ ਬਣੀ ਰਹਿ ਸਕਦੀ ਹੈ। ਕਾਰਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਰਲੇਵੇਂ ਦੀਆਂ ਧਮਕੀਆਂ ਕਾਰਨ ਜਨਤਾ ’ਚ ਭੜਕੇ ਰੋਹ ਦਰਮਿਆਨ ਪਿਛਲੇ ਸਾਲ ਕੈਨੇਡਾ ਵਿੱਚ ਜਿੱਤ ਹਾਸਲ ਕੀਤੀ ਸੀ। ਉਦੋਂ ਤੋਂ ਮੁੱਖ ਵਿਰੋਧੀ ਕਨਜ਼ਰਵੇਟਿਵ ਪਾਰਟੀ ਦੇ ਚਾਰ ਮੈਂਬਰਾਂ ਸਣੇ ਵਿਰੋਧੀ ਪਾਰਟੀਆਂ ਤੋਂ ਪੰਜ ਮੈਂਬਰਾਂ ਨੇ ਪਾਰਟੀ ਬਦਲੀ ਹੈ ਅਤੇ ਇਸ ਘਟਨਾਕ੍ਰਮ ਨੇ ਕਾਰਨੀ ਦੀ ਲਿਬਰਲ ਪਾਰਟੀ ਨੂੰ ਬਹੁਮਤ ਨੇੜੇ ਪਹੁੰਚਾ ਦਿੱਤਾ ਹੈ। ਕਾਰਨੀ ਨੇ ਸੋਸ਼ਲ ਮੀਡੀਆ ਪੋਸਟ ’ਚ ਮਾਰਟਿਨ ਤੇ ਬੇਗਮ ਨੂੰ ਵਧਾਈ ਦਿੱਤੀ ਪਰ ਬਹੁਮਤ ਹਾਸਲ ਕਰਨ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਮਾਰਟਿਨ ਨੇ ਕਿਹਾ, ‘‘ਅੱਜ ਰਾਤ ਮਾਰਕ ਕਾਰਨੀ ਤੇ ਸਾਡੀ ਪੂਰੀ ਸ਼ਾਨਦਾਰ ਲਿਬਰਲ ਟੀਮ ਨੇ ਬਿਹਤਰ ਕੈਨੇਡਾ ਦਾ ਨਿਰਮਾਣ ਜਾਰੀ ਰੱਖਣ ਲਈ ਹੋਰ ਵੀ ਮਜ਼ਬੂਤ ਲੋਕ ਫਤਵਾ ਹਾਸਲ ਕਰ ਲਿਆ ਹੈ।’’

