ਆਪਣਾ ਪੰਜਾਬ ਮੀਡੀਆ : ਭਾਰਤ ਨੇ ਬੁੱਧਵਾਰ ਨੂੰ ਅਮਰੀਕਾ ਅਤੇ ਇਰਾਨ ਵਿਚਾਲੇ ਹੋਈ ਜੰਗਬੰਦੀ ਦਾ ਸਵਾਗਤ ਕੀਤਾ। ਭਾਰਤ ਨੇ ਉਮੀਦ ਜਤਾਈ ਕਿ ਇਹ ਕਦਮ ਪੱਛਮੀ ਏਸ਼ੀਆ ਵਿੱਚ ਸਥਾਈ ਸ਼ਾਂਤੀ ਦਾ ਰਾਹ ਪੱਧਰਾ ਕਰੇਗਾ। ਇਸ ਦੇ ਨਾਲ ਹੀ ਭਾਰਤ ਨੇ ਦੋਵਾਂ ਦੇਸ਼ਾਂ ਵਿਚਾਲੇ ਲਗਾਤਾਰ ਗੱਲਬਾਤ ਅਤੇ ਕੂਟਨੀਤਕ ਰਿਸ਼ਤਿਆਂ ਨੂੰ ਬਣਾਏ ਰੱਖਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।
ਇੱਕ ਅਧਿਕਾਰਤ ਬਿਆਨ ਵਿੱਚ ਭਾਰਤ ਸਰਕਾਰ ਨੇ ਦੁਹਰਾਇਆ ਕਿ ਸੰਘਰਸ਼ ਨੂੰ ਖਤਮ ਕਰਨ ਲਈ ਤਣਾਅ ਘਟਾਉਣਾ, ਗੱਲਬਾਤ ਅਤੇ ਕੂਟਨੀਤੀ ਜ਼ਰੂਰੀ ਹੈ।ਇਸ ਸੰਘਰਸ਼ ਵਿੱਚ ਕਈ ਦਿਨਾਂ ਤੱਕ ਭਾਰੀ ਟਕਰਾਅ ਦੇਖਣ ਨੂੰ ਮਿਲਿਆ ਸੀ, ਜਿਸ ਨਾਲ ਇੱਕ ਵਿਆਪਕ ਖੇਤਰੀ ਜੰਗ ਦਾ ਡਰ ਪੈਦਾ ਹੋ ਗਿਆ ਸੀ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਸੀਂ ਅਮਰੀਕਾ-ਇਰਾਨ ਵਿਚਾਲੇ ਹੋਈ ਜੰਗਬੰਦੀ ਦਾ ਸਵਾਗਤ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਇਹ ਪੱਛਮੀ ਏਸ਼ੀਆ ਵਿੱਚ ਸਥਾਈ ਸ਼ਾਂਤੀ ਵੱਲ ਲੈ ਜਾਵੇਗੀ। ਜਿਵੇਂ ਕਿ ਅਸੀਂ ਪਹਿਲਾਂ ਵੀ ਲਗਾਤਾਰ ਵਕਾਲਤ ਕੀਤੀ ਹੈ, ਇਸ ਜੰਗ ਨੂੰ ਜਲਦੀ ਖਤਮ ਕਰਨ ਲਈ ਤਣਾਅ ਘਟਾਉਣਾ, ਗੱਲਬਾਤ ਅਤੇ ਕੂਟਨੀਤੀ ਬਹੁਤ ਜ਼ਰੂਰੀ ਹੈ।

