ਆਪਣਾ ਪੰਜਾਬ ਮੀਡੀਆ : ਪੱਛਮੀ ਏਸ਼ੀਆ ਵਿੱਚ ਚੱਲ ਰਹੀ ਜੰਗ ਦੇ ਮੱਦੇਨਜ਼ਰ ਏਅਰ ਇੰਡੀਆ ਨੇ ਇਜ਼ਰਾਈਲ ਜਾਣ ਵਾਲੀਆਂ ਆਪਣੀਆਂ ਸਾਰੀਆਂ ਉਡਾਣਾਂ 31 ਮਈ ਤੱਕ ਰੋਕ ਦਿੱਤੀਆਂ ਹਨ। ਏਅਰ ਇੰਡੀਆ ਦੇ ਇੱਕ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਨਵੀਂ ਦਿੱਲੀ ਤੋਂ ਤਲ ਅਵੀਵ ਦੇ ਰੂਟ ’ਤੇ ਹੁਣ ਕੋਈ ਉਡਾਣ ਨਹੀਂ ਜਾਵੇਗੀ। ਦੁਨੀਆ ਦੀਆਂ ਜ਼ਿਆਦਾਤਰ ਵੱਡੀਆਂ ਏਅਰਲਾਈਨਾਂ ਨੇ ਵੀ ਇਸ ਰੂਟ ’ਤੇ ਕੰਮ ਬੰਦ ਕਰ ਦਿੱਤਾ ਹੈ ਅਤੇ ਹੁਣ ਸਿਰਫ਼ ਇਜ਼ਰਾਈਲ ਦੀਆਂ ਕੁਝ ਆਪਣੀਆਂ ਕੰਪਨੀਆਂ ਹੀ ਸਖ਼ਤ ਪਾਬੰਦੀਆਂ ਹੇਠ ਉਡਾਣਾਂ ਭਰ ਰਹੀਆਂ ਹਨ।
ਉਡਾਣਾਂ ਬੰਦ ਹੋਣ ਕਾਰਨ ਇਜ਼ਰਾਈਲ ਵਿੱਚ ਰਹਿ ਰਹੇ 40,000 ਤੋਂ ਵੱਧ ਭਾਰਤੀਆਂ ਲਈ ਚਿੰਤਾ ਵਧ ਗਈ ਹੈ। ਹੁਣ ਇਜ਼ਰਾਈਲ ਛੱਡਣ ਦੇ ਚਾਹਵਾਨ ਭਾਰਤੀਆਂ ਨੂੰ ਜੌਰਡਨ ਜਾਂ ਮਿਸਰ ਰਸਤੇ ਸੜਕੀ ਮਾਰਗ ਰਾਹੀਂ ਜਾਣਾ ਪੈ ਰਿਹਾ ਹੈ।ਤਲ ਅਵੀਵ ਵਿੱਚ ਭਾਰਤੀ ਮਿਸ਼ਨ ਲਗਾਤਾਰ ਭਾਰਤੀ ਲੋਕਾਂ ਦੀ ਮਦਦ ਕਰ ਰਿਹਾ ਹੈ। ਦੂਤਾਵਾਸ ਨੇ 24 ਘੰਟੇ ਚੱਲਣ ਵਾਲੀ ਐਮਰਜੈਂਸੀ ਹੈਲਪਲਾਈਨ ਸ਼ੁਰੂ ਕੀਤੀ ਹੈ ਅਤੇ ਲੋਕਾਂ ਦੀ ਰਜਿਸਟ੍ਰੇਸ਼ਨ ਵੀ ਕੀਤੀ ਜਾ ਰਹੀ ਹੈ। ਰਾਜਦੂਤ ਜੇ.ਪੀ. ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਇਜ਼ਰਾਈਲ ਵਿੱਚ ਕੰਮ ਕਰ ਰਹੇ ਭਾਰਤੀ ਮਜ਼ਦੂਰਾਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ।

