ਆਪਣਾ ਪੰਜਾਬ ਮੀਡੀਆ : ਇਰਾਨ ਵਿੱਚ ਜੰਗੀ ਤਣਾਅ ਕਾਰਨ ਦੁਬਈ ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਗੁਰੂ ਨਾਨਕ ਦਰਬਾਰ ਗੁਰਦੁਆਰਾ, ਹਿੰਦੂ ਮੰਦਰਾਂ ਅਤੇ ਕਈ ਚਰਚਾਂ ਨੂੰ ਅਗਲੇ ਹੁਕਮਾਂ ਤੱਕ ਅਸਥਾਈ ਤੌਰ ‘ਤੇ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਸਾਵਧਾਨੀ ਭਰਿਆ ਕਦਮ ਇਰਾਨ-ਇਜ਼ਰਾਈਲ ਜੰਗ ਕਾਰਨ ਪੈਦਾ ਹੋਏ ਤਣਾਅਪੂਰਨ ਹਾਲਾਤਾਂ ਨੂੰ ਦੇਖਦੇ ਹੋਏ ਚੁੱਕਿਆ ਗਿਆ ਹੈ।
ਇਹ ਫੈਸਲਾ ਉਸੇ ਦਿਨ ਆਇਆ ਹੈ ਜਦੋਂ ਦੁਬਈ ਦੇ ਕਈ ਚਰਚਾਂ ਨੇ ਵੀ ਅਜਿਹੀ ਹੀ ਹਦਾਇਤ ਤੋਂ ਬਾਅਦ ਵਿਅਕਤੀਗਤ ਸੇਵਾਵਾਂ (in-person services) ਬੰਦ ਕਰ ਦਿੱਤੀਆਂ ਸਨ।ਹਿੰਦੂ ਮੰਦਰ ਦੁਬਈ ਪ੍ਰਬੰਧਕਾਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੰਦਰ ਅਗਲੇ ਨੋਟਿਸ ਤੱਕ ਬੰਦ ਰਹੇਗਾ। ਉਨ੍ਹਾਂ ਨੇ ਇਸ ਕਾਰਨ ਹੋਈ ਅਸੁਵਿਧਾ ਲਈ ਮੁਆਫੀ ਮੰਗੀ ਅਤੇ ਸ਼ਰਧਾਲੂਆਂ ਤੋਂ ਸਮਝ ਅਤੇ ਸਹਿਯੋਗ ਦੀ ਮੰਗ ਕੀਤੀ, ਨਾਲ ਹੀ ਸਾਰਿਆਂ ਦੀ ਸੁਰੱਖਿਆ ਲਈ ਪ੍ਰਾਰਥਨਾ ਕੀਤੀ।ਗੁਰੂ ਨਾਨਕ ਦਰਬਾਰ ਗੁਰਦੁਆਰਾ ਦੁਬਈ ਦੇ ਚੇਅਰਮੈਨ ਸੁਰਿੰਦਰ ਸਿੰਘ ਕੰਧਾਰੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਨੂੰ ਕਮਿਊਨਿਟੀ ਡਿਵੈਲਪਮੈਂਟ ਅਥਾਰਟੀ (CDA) ਵੱਲੋਂ ਬੰਦ ਕਰਨ ਦੇ ਨਿਰਦੇਸ਼ ਮਿਲੇ ਹਨ। ਉਨ੍ਹਾਂ ਕਿਹਾ ਕਿ ਇਹ ਕਦਮ ਸੁਰੱਖਿਆ ਕਾਰਨਾਂ ਕਰਕੇ ਸਾਵਧਾਨੀ ਵਜੋਂ ਚੁੱਕਿਆ ਗਿਆ ਹੈ।
ਬੁਰ ਦੁਬਈ ਦੇ ਸ੍ਰੀ ਕ੍ਰਿਸ਼ਨਾ ਮੰਦਰ ਨੂੰ ਵੀ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਸ਼ੁੱਕਰਵਾਰ ਤਿੰਨ ਅਪਰੈਲ 2026 ਤੋਂ ਅਗਲੇ ਨੋਟਿਸ ਤੱਕ ਅਸਥਾਈ ਤੌਰ ‘ਤੇ ਬੰਦ ਰੱਖਣ ਦਾ ਐਲਾਨ ਕੀਤਾ ਹੈ। ਪ੍ਰਬੰਧਕਾਂ ਨੇ ਮੁਆਫੀ ਮੰਗੀ ਅਤੇ ਸ਼ਰਧਾਲੂਆਂ ਦੇ ਸਹਿਯੋਗ ਦੀ ਬੇਨਤੀ ਕੀਤੀ।
ਦੁਬਈ ਦੇ ਕਈ ਚਰਚਾਂ ਨੇ ਵੀ ਗੁੱਡ ਫਰਾਈਡੇ ਦੀਆਂ ਸੇਵਾਵਾਂ ਰੱਦ ਕਰ ਦਿੱਤੀਆਂ ਅਤੇ ਤਿੰਨ ਅਪਰੈਲ ਤੋਂ ਵਿਅਕਤੀਗਤ ਇਕੱਠ ਬੰਦ ਕਰ ਦਿੱਤੇ। ਕਈਆਂ ਨੇ ਆਨਲਾਈਨ ਸੇਵਾਵਾਂ ਦੀ ਪੇਸ਼ਕਸ਼ ਕੀਤੀ, ਜਦਕਿ ਕਈਆਂ ਨੇ ਲੋਕਾਂ ਨੂੰ ਘਰ ਵਿੱਚ ਪ੍ਰਾਰਥਨਾ ਕਰਨ ਲਈ ਕਿਹਾ।

