ਆਪਣਾ ਪੰਜਾਬ ਮੀਡੀਆ : ਫਰਾਂਸ ਦੇ ਵੌਕਸ-ਦੇ-ਸੇਰਨੇ ਵਿੱਚ ਹੋਈ G7 ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੌਰਾਨ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਮਹੱਤਵਪੂਰਨ ਮੁਲਾਕਾਤ ਕੀਤੀ। ਇਸ ਦੌਰਾਨ ਦੋਨਾਂ ਦੇਸ਼ਾਂ ਨੇ ਕੈਨੇਡਾ-ਭਾਰਤ ਸੰਬੰਧਾਂ ਲਈ ਬਣਾਏ ਗਏ ਨਵੇਂ ਰੋਡਮੈਪ ਨੂੰ ਅੱਗੇ ਵਧਾਉਣ ਲਈ ਆਪਣੀ ਵਚਨਬੱਧਤਾ ਦੁਹਰਾਈ।
ਅਨੀਤਾ ਆਨੰਦ ਨੇ ਭਾਰਤ ਵੱਲੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਹਾਲੀਆ ਦੌਰੇ ਦੌਰਾਨ ਕੀਤੀ ਗਈ ਮਹਿਮਾਨਨਿਵਾਜ਼ੀ ਲਈ ਧੰਨਵਾਦ ਕੀਤਾ। ਦੋਨਾਂ ਮੰਤਰੀਆਂ ਨੇ ਇਸ ਸਾਲ ਇੱਕ ਵਿਆਪਕ ਅਤੇ ਵਪਾਰਕ ਤੌਰ `ਤੇ ਲਾਭਦਾਇਕ ਸਮਝੌਤਾ ਕਰਨ ਦੇ ਟੀਚੇ ਨੂੰ ਵੀ ਦੁਹਰਾਇਆ, ਜਿਸ ਨਾਲ ਦੋਨਾਂ ਦੇਸ਼ਾਂ ਦੇ ਕਾਰੋਬਾਰਾਂ ਨੂੰ ਫਾਇਦਾ ਹੋਵੇਗਾ।
ਮੀਟਿੰਗ ਦੌਰਾਨ ਮੱਧ ਪੂਰਬ ਦੀ ਸਥਿਤੀ, ਗਲੋਬਲ ਊਰਜਾ ਮਾਰਕੀਟ, ਊਰਜਾ ਸੁਰੱਖਿਆ ਅਤੇ ਸਪਲਾਈ ਚੇਨਾਂ ਸਮੇਤ ਕਈ ਵਿਸ਼ਵ ਅਤੇ ਖੇਤਰੀ ਮਸਲਿਆਂ `ਤੇ ਵੀ ਵਿਚਾਰ ਸਾਂਝੇ ਕੀਤੇ ਗਏ। ਦੋਨਾਂ ਨੇ ਸ਼ਾਂਤੀ ਲਈ ਕੂਟਨੀਤੀ ਦੀ ਮਹੱਤਤਾ `ਤੇ ਜ਼ੋਰ ਦਿੱਤਾ। ਦੋਨਾਂ ਦੇਸ਼ਾਂ ਨੇ ਭਵਿੱਖ ਵਿੱਚ ਦੋਪੱਖੀ, ਖੇਤਰੀ ਅਤੇ ਵਿਸ਼ਵ ਸਥਿਰਤਾ ਲਈ ਮਿਲ ਕੇ ਕੰਮ ਕਰਨ `ਤੇ ਸਹਿਮਤੀ ਜਤਾਈ।

