ਵ੍ਹਾਈਟ ਹਾਊਸ ਨੇ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਾਰਥਕ ਗੱਲਬਾਤ ਹੋਈ ਹੈ। ਇਹ ਬਿਆਨ ਮੰਗਲਵਾਰ ਨੂੰ ਦੋਵਾਂ ਨੇਤਾਵਾਂ ਵਿਚਕਾਰ ਹੋਈ ਫੋਨ ਕਾਲ ਦੇ ਸੰਦਰਭ ਵਿੱਚ ਆਇਆ ਹੈ। ‘ਨਿਊਯਾਰਕ ਟਾਈਮਜ਼’ ਦੀ ਰਿਪੋਰਟ ਅਨੁਸਾਰ ਅਰਬਪਤੀ ਕਾਰੋਬਾਰੀ ਐਲਨ ਮਸਕ ਵੀ ਮੰਗਲਵਾਰ ਨੂੰ ਮੋਦੀ ਅਤੇ ਟਰੰਪ ਦੇ ਵਿਚਕਾਰ ਹੋਈ ਇਸ ਫੋਨ ਕਾਲ ਵਿੱਚ ਸ਼ਾਮਲ ਹੋਏ ਸਨ, ਜਦੋਂ ਦੋਵਾਂ ਨੇਤਾਵਾਂ ਨੇ ਪੱਛਮੀ ਏਸ਼ੀਆ ਦੀ ਸਥਿਤੀ ’ਤੇ ਚਰਚਾ ਕੀਤੀ।
ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲੀਨ ਲੀਵਿਟ ਨੇ ਇਕ ਮੀਡੀਆ ਰਿਪੋਰਟ ’ਤੇ ਟਿੱਪਣੀ ਕਰਦਿਆਂ ਇਸ ਖ਼ਬਰ ਏਜੰਸੀ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ ਕਿ ਰਾਸ਼ਟਰਪਤੀ ਟਰੰਪ ਦੇ ਪ੍ਰਧਾਨ ਮੰਤਰੀ ਮੋਦੀ ਨਾਲ ਬਹੁਤ ਵਧੀਆ ਸਬੰਧ ਹਨ ਅਤੇ ਇਹ ਇੱਕ ਸਾਰਥਕ ਗੱਲਬਾਤ ਸੀ। ਇੱਕ ਯੁੱਧ ਦੇ ਸੰਕਟ ਦੌਰਾਨ ਦੋ ਦੇਸ਼ਾਂ ਦੇ ਮੁਖੀਆਂ ਵਿਚਕਾਰ ਗੱਲਬਾਤ ਵਿੱਚ ਇੱਕ ਨਿੱਜੀ ਨਾਗਰਿਕ ਦੀ ਇਹ ਮੌਜੂਦਗੀ ਅਸਧਾਰਨ ਮੰਨੀ ਜਾ ਰਹੀ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੋ ਅਮਰੀਕੀ ਅਧਿਕਾਰੀਆਂ ਵੱਲੋਂ ਮਸਕ ਦੀ ਸ਼ਮੂਲੀਅਤ ਦੀ ਪੁਸ਼ਟੀ ਇਹ ਸੰਕੇਤ ਦਿੰਦੀ ਹੈ ਕਿ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਹੁਣ ਰਾਸ਼ਟਰਪਤੀ ਨਾਲ ਬਿਹਤਰ ਸਬੰਧਾਂ ਵਿੱਚ ਵਾਪਸ ਆ ਗਿਆ ਹੈ। ਪਿਛਲੇ ਸਾਲ ਸਰਕਾਰ ਤੋਂ ਵੱਖ ਹੋਣ ਤੋਂ ਬਾਅਦ ਟਰੰਪ ਅਤੇ ਮਸਕ ਦੇ ਸਬੰਧ ਵਿਗੜ ਗਏ ਸਨ, ਜਿੱਥੇ ਮਸਕ ਨੂੰ ਕਰਮਚਾਰੀਆਂ ਦੀ ਗਿਣਤੀ ਘਟਾਉਣ ਦਾ ਕੰਮ ਸੌਂਪਿਆ ਗਿਆ ਸੀ। ਰਿਪੋਰਟ ਅਨੁਸਾਰ ਇਹ ਸਪੱਸ਼ਟ ਨਹੀਂ ਹੈ ਕਿ ਮਸਕ ਕਾਲ ‘ਤੇ ਕਿਉਂ ਸਨ ਜਾਂ ਕੀ ਉਨ੍ਹਾਂ ਨੇ ਕੋਈ ਗੱਲਬਾਤ ਕੀਤੀ।

