ਆਪਣਾ ਪੰਜਾਬ ਮੀਡੀਆ : ਇਰਾਨ ਨੇ ਭਾਰਤ, ਚੀਨ ਅਤੇ ਰੂਸ ਸਮੇਤ ਪੰਜ ਮਿੱਤਰ ਮੁਲਕਾਂ ਨੂੰ ਹਰਮੁਜ਼ ਜਲ ਮਾਰਗ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਨ੍ਹਾਂ ਮੁਲਕਾਂ ’ਚ ਇਰਾਕ ਅਤੇ ਪਾਕਿਸਤਾਨ ਵੀ ਸ਼ਾਮਲ ਹਨ। ਇਸ ਦਾ ਖ਼ੁਲਾਸਾ ਇਰਾਨ ਦੇ ਵਿਦੇਸ਼ ਮੰਤਰੀ ਸਈਅਦ ਅੱਬਾਸ ਅਰਾਗ਼ਚੀ ਨੇ ਕੀਤਾ। ਇਸ ਦੌਰਾਨ ਖਾੜੀ ਸਹਿਯੋਗ ਕੌਂਸਲ ਦੇ ਸਕੱਤਰ ਜਨਰਲ ਜਾਸਿਮ ਮੁਹੰਮਦ ਅਲ-ਬੁਦਾਵੀ ਨੇ ਇਰਾਨ ’ਤੇ ਦੋਸ਼ ਲਾਇਆ ਕਿ ਉਹ ਜਲ ਮਾਰਗ ’ਚੋਂ ਸੁਰੱਖਿਅਤ ਲਾਂਘੇ ਲਈ ਪੈਸੇ ਵਸੂਲ ਰਿਹਾ ਹੈ।
ਅਰਾਗ਼ਚੀ ਨੇ ਸਪੱਸ਼ਟ ਕੀਤਾ ਕਿ ਇਰਾਨ ਦੇ ਦੁਸ਼ਮਣਾਂ ਨਾਲ ਜੁੜੇ ਜਹਾਜ਼ਾਂ ਨੂੰ ਇਸ ਰਣਨੀਤਕ ਜਲਮਾਰਗ ਰਾਹੀਂ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ, ‘‘ਅਸੀਂ ਜੰਗ ਲੜ ਰਹੇ ਹਾਂ। ਖ਼ਿੱਤੇ ’ਚੋਂ ਸਾਡੇ ਦੁਸ਼ਮਣਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਜਹਾਜ਼ਾਂ ਨੂੰ ਲੰਘਣ ਦੇਣ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ ਪਰ ਇਹ ਬਾਕੀ ਸਾਰਿਆਂ ਲਈ ਖੁੱਲ੍ਹਾ ਹੈ।’’ ਹਰਮੁਜ਼ ਜਲ ਮਾਰਗ ਰਾਹੀਂ ਵਪਾਰਕ ਜਹਾਜ਼ਾਂ ਦੀ ਆਵਾਜਾਈ ’ਚ ਪੈ ਰਹੇ ਅੜਿੱਕੇ ਕਾਰਨ ਆਲਮੀ ਪੱਧਰ ’ਤੇ ਚਿੰਤਾ ਵਧ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਸ ਨੇ ਜਲ ਮਾਰਗ ਪੂਰੀ ਤਰ੍ਹਾਂ ਨਾ ਖੋਲ੍ਹਿਆ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਪਿਛਲੇ ਕੁਝ ਹਫ਼ਤਿਆਂ ਵਿੱਚ ਭਾਰਤ ਨੇ ਪੱਛਮੀ ਏਸ਼ੀਆ ਵਿੱਚ ਜੰਗ ਜਲਦੀ ਤੋਂ ਜਲਦੀ ਖ਼ਤਮ ਕਰਨ ਅਤੇ ਹਰਮੁਜ਼ ਜਲ ਮਾਰਗ ਰਾਹੀਂ ਊਰਜਾ ਦੇ ਨਿਰਵਿਘਨ ਪ੍ਰਵਾਹ ਨੂੰ ਯਕੀਨੀ ਬਣਾਉਣ ’ਤੇ ਧਿਆਨ ਕੇਂਦਰਿਤ ਕਰਦਿਆਂ ਕੂਟਨੀਤਕ ਯਤਨ ਕੀਤੇ ਹਨ। ਨਵੀਂ ਦਿੱਲੀ ਦਾ ਮੰਨਣਾ ਹੈ ਕਿ ਜੇ ਇਸ ਸਮੁੰਦਰੀ ਲਾਂਘੇ ਦੀ ਘੇਰਾਬੰਦੀ ਜਾਰੀ ਰਹਿੰਦੀ ਹੈ ਤਾਂ ਭਾਰਤ ਸਮੇਤ ਕਈ ਦੇਸ਼ਾਂ ਨੂੰ ਈਂਧਨ ਅਤੇ ਖਾਦ ਦੀ ਸਮੱਸਿਆ ਨਾਲ ਜੂਝਣਾ ਪੈ ਸਕਦਾ ਹੈ।

