ਆਪਣਾ ਪੰਜਾਬ ਮੀਡੀਆ : ਪਾਈਪਡ ਨੈਚੁਰਲ ਗੈਸ (ਪੀ ਐੱਨ ਜੀ) ਦੀ ਸਹੂਲਤ ਉਪਲਬਧ ਹੋਣ ’ਤੇ ਵੀ ਉਸ ਦੀ ਸੇਵਾ ਨਾ ਲੈਣ ਵਾਲੇ ਖ਼ਪਤਕਾਰਾਂ ਦੀ ਘਰੇਲੂ ਰਸੋਈ ਗੈਸ (ਐੱਲ ਪੀ ਜੀ) ਦੀ ਸਪਲਾਈ ਬੰਦ ਕਰ ਦਿੱਤੀ ਜਾਵੇਗੀ। ਸਰਕਾਰ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ। ਇਹ ਕਦਮ ਗੈਸ ਨੈਟਵਰਕ ਦੇ ਵਿਸਤਾਰ ਨੂੰ ਤੇਜ਼ ਕਰਨ ਅਤੇ ਇਕ ਹੀ ਈਂਧਨ ’ਤੇ ਨਿਰਭਰਤਾ ਘੱਟ ਕਰਨ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ।
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਕੁਦਰਤੀ ਗੈਸ ਅਤੇ ਪੈਟਰੋਲੀਅਮ ਉਤਪਾਦ ਵੰਡ (ਪਾਈਪਲਾਈਨ ਵਿਛਾਉਣ, ਨਿਰਮਾਣ, ਸੰਚਾਲਨ ਅਤੇ ਵਿਸਤਾਰ ਤੇ ਹੋਰ ਸਹੂਲਤਾਂ) ਹੁਕਮ 2026 ਨੋਟੀਫਾਈ ਕੀਤਾ ਹੈ। ਇਹ ਹੁਕਮ 24 ਮਾਰਚ ਨੂੰ ਜਾਰੀ ਕੀਤੇ ਗਏ ਹਨ ਜਿਨ੍ਹਾਂ ’ਚ ਕਿਹਾ ਗਿਆ ਹੈ ਕਿ ਜੇ ਪੀ ਐੱਨ ਜੀ ਉਪਲਬਧ ਹੋਣ ਦੇ ਬਾਵਜੂਦ ਕੋਈ ਪਰਿਵਾਰ ਇਸ ਨੂੰ ਨਹੀਂ ਅਪਣਾਉਂਦਾ ਤਾਂ ਉਸ ਨੂੰ ਤਿੰਨ ਮਹੀਨਿਆਂ ਬਾਅਦ ਐੱਲ ਪੀ ਜੀ ਦੀ ਸਪਲਾਈ ਬੰਦ ਕਰ ਦਿੱਤੀ ਜਾਵੇਗੀ। ਉਂਝ ਜਿਥੇ ਪਾਈਪਡ ਗੈਸ ਕੁਨੈਕਸ਼ਨ ਦੇਣਾ ਤਕਨੀਕੀ ਤੌਰ ’ਤੇ ਸੰਭਵ ਨਹੀਂ ਹੈ, ਉਥੇ ਐੱਨ ਓ ਸੀ ਦੇ ਆਧਾਰ ’ਤੇ ਐੱਲ ਪੀ ਜੀ ਸਪਲਾਈ ਜਾਰੀ ਰਹਿ ਸਕੇਗੀ।

