ਐਪਸਟੀਨ ਫਾਈਲਾਂ ਉੱਤੇ ਮੀਟਿੰਗ ਦਾ ਡੈਮੋਕਰੈਟਾਂ ਨੇ ਕੀਤਾ ਬਾਈਕਾਟ

News Online
2 Min Read

ਆਪਣਾ ਪੰਜਾਬ ਮੀਡੀਆ : ਡੈਮੋਕਰੈਟਿਕ ਸੰਸਦ ਮੈਂਬਰਾਂ ਨੇ ਅੱਜ ਜੈਫਰੀ ਐਪਸਟੀਨ ਦੀਆਂ ਫਾਈਲਾਂ ਬਾਰੇ ਨਿਆਂ ਵਿਭਾਗ ਦੇ ਅਧਿਕਾਰੀਆਂ ਨਾਲ ਹੋ ਰਹੀ ਗੁਪਤ ਮੀਟਿੰਗ ਵਿੱਚੋਂ ਵਾਕ-ਆਊਟ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਅਟਾਰਨੀ ਜਨਰਲ ਪੈਮ ਬੌਂਡੀ ਨੂੰ ਇਸ ਮਾਮਲੇ ’ਤੇ ਹਲਫ਼ ਨਾਲ ਸਵਾਲਾਂ ਦੇ ਜਵਾਬ ਦੇਣ ਲਈ ਮਜਬੂਰ ਕਰਨਗੇ, ਕਿਉਂਕਿ ਇਸ ਕੇਸ ਨੇ ਟਰੰਪ ਪ੍ਰਸ਼ਾਸਨ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।

ਬੋਂਡੀ ਅਤੇ ਡਿਪਟੀ ਅਟਾਰਨੀ ਜਨਰਲ ਟੌਡ ਬਲਾਂਚੇ, ਐਪਸਟੀਨ ਦੇ ਸੈਕਸ ਟਰੈਫਿਕਿੰਗ ਜਾਂਚ ਨਾਲ ਜੁੜੀਆਂ ਲੱਖਾਂ ਫਾਈਲਾਂ ਦੇ ਨਿਬੇੜੇ ਨੂੰ ਲੈ ਕੇ ਦੋਵਾਂ ਪਾਰਟੀਆਂ ਡੈਮੋਕਰੈਟਾਂ ਅਤੇ ਰਿਪਬਲਿਕਨਾਂ ਵਿੱਚ ਫੈਲੀ ਨਾਰਾਜ਼ਗੀ ਨੂੰ ਸ਼ਾਂਤ ਕਰਨ ਲਈ ਕੈਪੀਟਲ ਹਿੱਲ ਪੁੱਜੇ ਸਨ। ਬ੍ਰੀਫਿੰਗ ਸ਼ੁਰੂ ਹੋਣ ਤੋਂ ਇੱਕ ਘੰਟੇ ਦੇ ਅੰਦਰ ਹੀ ਡੈਮੋਕਰੈਟ ਵਿਰੋਧ ਜਤਾਉਂਦੇ ਹੋਏ ਬਾਹਰ ਆ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਅਗਲੇ ਮਹੀਨੇ ਬੌਂਡੀ ਨੂੰ ਸੰਮਨ ਤਹਿਤ ਪੇਸ਼ ਹੋਣ ਲਈ ਦਬਾਅ ਪਾਉਣਗੇ।

ਡੈਮੋਕਰੈਟਿਕ ਪ੍ਰਤੀਨਿਧੀ ਮੈਕਸਵੈੱਲ ਫਰੌਸਟ ਨੇ ਕਿਹਾ, ‘‘ਅਸੀਂ ਉਨ੍ਹਾਂ ਨੂੰ ਹਲਫ਼ੀਆ ਬਿਆਨ ਦੇਣ ਲਈ ਕਹਿਣਾ ਚਾਹੁੰਦੇ ਹਾਂ ਕਿਉਂਕਿ ਸਾਨੂੰ ਉਨ੍ਹਾਂ ’ਤੇ ਭਰੋਸਾ ਨਹੀਂ ਹੈ।’’ਕਮੇਟੀ ਦੇ ਰਿਪਬਲਿਕਨ ਮੈਂਬਰਾਂ ਨੇ ਇਸ ਕਦਮ ਨੂੰ ਸਿਆਸੀ ਡਰਾਮੇਬਾਜ਼ੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਬੌਂਡੀ ਅਤੇ ਬਲਾਂਚੇ ਨੇ ਅਹਿਮ ਸਵਾਲਾਂ ਦੇ ਜਵਾਬ ਦਿੱਤੇ ਹਨ ਅਤੇ ਅਟਾਰਨੀ ਜਨਰਲ ਨੇ ਕਾਨੂੰਨ ਦੀ ਪਾਲਣਾ ਕਰਨ ਦੀ ਗੱਲ ਕਹੀ ਹੈ। ਨਿਆਂ ਵਿਭਾਗ ਨੂੰ ਉਮੀਦ ਸੀ ਕਿ ਐਪਸਟੀਨ ਨਾਲ ਜੁੜੇ ਦਸਤਾਵੇਜ਼ ਜਨਤਕ ਕਰਨ ਨਾਲ ਇਹ ਸਿਆਸੀ ਵਿਵਾਦ ਖ਼ਤਮ ਹੋ ਜਾਵੇਗਾ, ਪਰ ਰਾਸ਼ਟਰਪਤੀ ਦੇ ਦੂਜੇ ਕਾਰਜਕਾਲ ਦੌਰਾਨ ਵੀ ਇਹ ਮਾਮਲਾ ਲਗਾਤਾਰ ਸਵਾਲਾਂ ਦੇ ਘੇਰੇ ਵਿੱਚ ਹੈ।

Share This Article
Leave a Comment

Leave a Reply