ਆਪਣਾ ਪੰਜਾਬ ਮੀਡੀਆ : ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਅੱਜ ਰੂਸ ਤੇ ਇਰਾਨ ਨੂੰ ‘ਨਫ਼ਰਤ ਦੇ ਮਾਮਲੇ ’ਚ ਭਰਾ-ਭਰਾ’ ਦੱਸਿਆ ਅਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਤੋਂ ਅਜਿਹੇ ਸਮੇਂ ਸਹਿਯੋਗ ਮੰਗਿਆ ਜਦੋਂ ਪੱਛਮੀ ਏਸ਼ੀਆ ’ਚ ਜਾਰੀ ਜੰਗ ਕਾਰਨ ਅਮਰੀਕਾ ਦੀ ਸਾਲਸੀ ਵਾਲੀ ਰੂਸ-ਯੂਕਰੇਨ ਸ਼ਾਂਤੀ ਵਾਰਤਾ ਦੀ ਰਫ਼ਤਾਰ ਮੱਠੀ ਪੈ ਗਈ ਹੈ।
ਜ਼ੇਲੈਂਸਕੀ ਨੇ ਦੇਸ਼ ਦੇ ਸਹਿਯੋਗੀਆਂ ਨੂੰ ਅਪੀਲ ਕੀਤੀ ਕਿ ਉਹ ਯੂਕਰੇਨ ਨੂੰ ਨਾ ਭੁੱਲਣ ਅਤੇ ਸੁਝਾਅ ਦਿੱਤਾ ਕਿ ਅਮਰੀਕਾ ਤੇ ਹੋਰ ਦੇਸ਼ ਪੱਛਮੀ ਏਸ਼ੀਆ ਦੇ ਸੰਘਰਸ਼ ’ਚ ਯੂਕਰੇਨ ਦੀ ਡਰੋਨ-ਰੋਕੂ ਤਕਨੀਕ ਦੀ ਵਰਤੋਂ ਕਰ ਸਕਦੇ ਹਨ। ਪੱਛਮੀ ਏਸ਼ੀਆ ’ਚ ਜਾਰੀ ਜੰਗ ਨੇ ਤੇਲ ਮਾਲੀਏ ’ਚ ਵਾਧੇ ਰਾਹੀਂ ਰੂਸ ਦੇ ਸੁਸਤ ਅਰਥਚਾਰੇ ’ਚ ਮੁੜ ਜਾਨ ਪਾ ਦਿੱਤੀ ਹੈ। ਬਰਤਾਨੀਆ ਦੀ ਸੰਸਦ ’ਚ ਜ਼ੇਲੈਂਸਕੀ ਨੇ ਕਿਹਾ, ‘‘ਰੂਸ ਤੇ ਇਰਾਨ ਦੀਆਂ ਸਰਕਾਰਾਂ ਨਫ਼ਰਤ ਦੇ ਮਾਮਲੇ ’ਚ ਭਰਾ-ਭਰਾ ਹਨ ਅਤੇ ਇਸ ਲਈ ਉਹ ਹਥਿਆਰਾਂ ਦੇ ਮਾਮਲੇ ’ਚ ਵੀ ਭਰਾ-ਭਰਾ ਹਨ। ਅਸੀਂ ਚਾਹੁੰਦੇ ਹਾਂ ਕਿ ਨਫ਼ਰਤ ’ਤੇ ਆਧਾਰਿਤ ਸਰਕਾਰਾਂ ਕਦੇ ਕਿਸੇ ਵੀ ਚੀਜ਼ ’ਚ ਜਿੱਤ ਹਾਸਲ ਨਾ ਕਰ ਸਕਣ।

