ਆਪਣਾ ਪੰਜਾਬ ਮੀਡੀਆ : ਵੀਰਵਾਰ ਨੂੰ ਜਾਰੀ ਕੀਤੀ ਗਈ World Happiness Report 2026 ਵਿੱਚ ਫਿਨਲੈਂਡ ਨੇ ਇੱਕ ਵਾਰ ਫਿਰ ਬਾਜ਼ੀ ਮਾਰਦਿਆਂ ਲਗਾਤਾਰ ਨੌਵੇਂ ਸਾਲ ਦੁਨੀਆ ਦੇ ਸਭ ਤੋਂ ਖੁਸ਼ਹਾਲ ਦੇਸ਼ ਦਾ ਖਿਤਾਬ ਹਾਸਲ ਕੀਤਾ ਹੈ। ਆਕਸਫੋਰਡ ਯੂਨੀਵਰਸਿਟੀ ਦੇ ‘ਵੈਲਬੀਇੰਗ ਰਿਸਰਚ ਸੈਂਟਰ’ ਵੱਲੋਂ ਤਿਆਰ ਕੀਤੀ ਇਸ ਸਾਲਾਨਾ ਰਿਪੋਰਟ ਵਿੱਚ ਆਈਸਲੈਂਡ, ਡੈਨਮਾਰਕ, ਸਵੀਡਨ ਅਤੇ ਨਾਰਵੇ ਵਰਗੇ ਨੌਰਡਿਕ ਦੇਸ਼ ਵੀ ਚੋਟੀ ਦੇ 10 ਸਥਾਨਾਂ ਵਿੱਚ ਸ਼ਾਮਲ ਹਨ। ਰਿਪੋਰਟ ਮੁਤਾਬਕ ਇਨ੍ਹਾਂ ਦੇਸ਼ਾਂ ਵਿੱਚ ਸਮਾਜਿਕ ਸੁਰੱਖਿਆ ਅਤੇ ਜੀਵਨ ਪੱਧਰ ਬਿਹਤਰ ਹੋਣ ਕਾਰਨ ਲੋਕ ਵਧੇਰੇ ਸੰਤੁਸ਼ਟ ਹਨ।
ਹਾਲਾਂਕਿ, ਇਸ ਰਿਪੋਰਟ ਵਿੱਚ ਨੌਜਵਾਨਾਂ ਦੀ ਮਾਨਸਿਕ ਸਥਿਤੀ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਗਈ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅਮਰੀਕਾ, ਕੈਨੇਡਾ, ਆਸਟਰੇਲੀਆ ਅਤੇ ਪੱਛਮੀ ਯੂਰਪ ਦੇ ਦੇਸ਼ਾਂ ਵਿੱਚ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦੀ ਖੁਸ਼ਹਾਲੀ ਵਿੱਚ ਭਾਰੀ ਗਿਰਾਵਟ ਆਈ ਹੈ। ਇਸ ਦਾ ਮੁੱਖ ਕਾਰਨ ਸੋਸ਼ਲ ਮੀਡੀਆ ’ਤੇ ਬਿਤਾਇਆ ਜਾਣ ਵਾਲਾ ਲੰਬਾ ਸਮਾਂ ਮੰਨਿਆ ਜਾ ਰਿਹਾ ਹੈ।

