ਕਾਂਗਰਸ ਨੇ ਅਸਾਮ ਦੇ ਸਿਹਤ ਬਜਟ ’ਚੋਂ ਕਰੋੜਾਂ ਲੁੱਟੇ: ਅਮਿਤ ਸ਼ਾਹ

News Online
2 Min Read

ਆਪਣਾ ਪੰਜਾਬ ਮੀਡੀਆ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਦੋਸ਼ ਲਾਇਆ ਕਿ ਅਸਾਮ ਵਿੱਚ ਕਾਂਗਰਸ ਦੇ ਪਿਛਲੇ 15 ਸਾਲਾਂ ਦੀ ਹਕੂਮਤ ਦੌਰਾਨ ਪਾਰਟੀ ਨੇ ਰਾਜ ਦੇ ਸਿਹਤ ਬਜਟ ਵਿੱਚੋਂ ਸਾਲਾਨਾ 150 ਕਰੋੜ ਰੁਪਏ ਆਪਣੀ ਜੇਬ ਵਿੱਚ ਪਾਏ। ਉਨ੍ਹਾਂ ਕਿਹਾ ਕਿ ਦੂਜੇ ਪਾਸੇ, ਭਾਜਪਾ ਨੇ ਰਾਜ ਵਿੱਚ ਆਪਣੇ 10 ਸਾਲਾਂ ਦੇ ਸ਼ਾਸਨ ਦੌਰਾਨ ਸਿਹਤ ਖੇਤਰ ਦੀ ਨੁਹਾਰ ਬਦਲ ਦਿੱਤੀ ਹੈ। ਸ੍ਰੀ ਸ਼ਾਹ ਨੇ 2,092 ਕਰੋੜ ਰੁਪਏ ਦੇ ਸਿਹਤ ਪ੍ਰਾਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਕਿਹਾ, ‘‘10 ਸਾਲ ਪਹਿਲਾਂ ਅਸਾਮ ਦੀ ਸਿਹਤ ਪ੍ਰਣਾਲੀ ਬਹੁਤ ਮਾੜੀ ਹਾਲਤ ਵਿੱਚ ਸੀ, ਕਿਉਂਕਿ ਕਾਂਗਰਸ ਨੇ ਸਿਰਫ਼ ਆਪਣੇ ਨੇਤਾਵਾਂ ਦੇ ਪਰਿਵਾਰਾਂ ਦੀ ਆਰਥਿਕ ਸਿਹਤ ਲਈ ਕੰਮ ਕੀਤਾ ਸੀ।’’

2016 ਤੱਕ ਕਾਂਗਰਸ ਦੇ ਸ਼ਾਸਨ ਦੌਰਾਨ ਭ੍ਰਿਸ਼ਟਾਚਾਰ ਦਾ ਦੋਸ਼ ਲਾਉਂਦਿਆਂ ਕੇਂਦਰੀ ਮੰਤਰੀ ਨੇ ਕਿਹਾ, ‘‘15 ਸਾਲਾਂ ਤੱਕ, ਹਰ ਸਾਲ ਰਾਜ ਦੇ ਸਿਹਤ ਬਜਟ ਵਿੱਚੋਂ 150 ਕਰੋੜ ਰੁਪਏ ਉਨ੍ਹਾਂ ਵੱਲੋਂ ਹੜੱਪ ਲਏ ਗਏ ਸਨ। ਇਹ ਪੈਸਾ ਉਨ੍ਹਾਂ ਨੌਂ ਲੱਖ ਬੱਚਿਆਂ ਦੇ ਇਲਾਜ ਲਈ ਖ਼ਰਚਿਆ ਹੋਇਆ ਦਿਖਾਇਆ ਗਿਆ ਜੋ ਕਦੇ ਪੈਦਾ ਹੀ ਨਹੀਂ ਹੋਏ ਅਤੇ 390 ਆਂਗਣਵਾੜੀ ਕੇਂਦਰਾਂ ਲਈ ਦਿਖਾਇਆ ਗਿਆ ਜੋ ਕਦੇ ਬਣੇ ਹੀ ਨਹੀਂ ਸੀ।’’

ਉਨ੍ਹਾਂ ਕਿਹਾ ਕਿ ਹਿਮੰਤਾ ਬਿਸਵਾ ਸਰਮਾ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ, ਉਹ ਅਸਾਮ ਦੀਆਂ ਡਾਕਟਰੀ ਸਹੂਲਤਾਂ ਨੂੰ ਗੁਜਰਾਤ, ਮਹਾਰਾਸ਼ਟਰ ਅਤੇ ਕਰਨਾਟਕ ਵਰਗੇ ਰਾਜਾਂ ਦੇ ਬਰਾਬਰ ਲੈ ਆਏ ਹਨ। ਪਿਛਲੇ 10 ਸਾਲਾਂ ਵਿੱਚ ਅਸਾਮ ਮੈਡੀਕਲ ਦੇਖਭਾਲ ਅਤੇ ਸਿੱਖਿਆ ਦੇ ਖੇਤਰ ਵਿੱਚ ਆਤਮ-ਨਿਰਭਰ ਬਣ ਗਿਆ ਹੈ। ਅਸਾਮ ਇਕਲੌਤਾ ਅਜਿਹਾ ਰਾਜ ਹੈ ਜਿੱਥੇ ਸਰਕਾਰ ਕੈਂਸਰ ਦੇ ਇਲਾਜ ਲਈ ਪ੍ਰੋਟੋਨ ਥੈਰੇਪੀ ਮਸ਼ੀਨ ਖ਼ਰੀਦ ਰਹੀ ਹੈ, ਜੋ ਇਸ ਵੇਲੇ ਸਿਰਫ਼ ਮਹਿੰਗੇ ਨਿੱਜੀ ਹਸਪਤਾਲਾਂ ਵਿੱਚ ਮੌਜੂਦ ਹੈ।

Share This Article
Leave a Comment

Leave a Reply