ਆਪਣਾ ਪੰਜਾਬ ਮੀਡੀਆ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਦੇਰ ਰਾਤ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਨਾਲ ਫੋਨ ’ਤੇ ਗੱਲਬਾਤ ਕੀਤੀ। ਕਰੈਮਲਿਨ ਦੇ ਵਿਦੇਸ਼ ਨੀਤੀ ਸਲਾਹਕਾਰ ਯੂਰੀ ਊਸ਼ਾਕੋਵ ਮੁਤਾਬਕ ਘੰਟੇ ਦੇ ਕਰੀਬ ਚੱਲੀ ਫੋਨ ਕਾਲ ਦੌਰਾਨ ਦੋਵਾਂ ਆਗੂਆਂ ਨੇ ਅਮਰੀਕਾ ਤੇ ਇਰਾਨ ਅਤੇ ਰੂਸ ਤੇ ਯੂਕਰੇਨ ਦਰਮਿਆਨ ਜਾਰੀ ਟਕਰਾਅ ਬਾਰੇ ਵਿਚਾਰ ਚਰਚਾ ਕੀਤੀ।
ਅਧਿਕਾਰੀ ਨੇ ਕਿਹਾ, ‘‘ਵਿਚਾਰ ਚਰਚਾ ਮੁੱਖ ਤੌਰ ’ਤੇ ਇਰਾਨ ਟਕਰਾਅ ਅਤੇ ਮਾਸਕੋ, ਵਾਸ਼ਿੰਗਟਨ ਤੇ ਕੀਵ ਦਰਮਿਆਨ ਯੂਕਰੇਨ ਟਕਰਾਅ ਨੂੰ ਲੈ ਕੇ ਤਿੰਨ ਧਿਰੀ ਗੱਲਬਾਤ ’ਤੇ ਕੇਂਦਰਤ ਸੀ। ਦੋਵਾਂ ਰਾਸ਼ਟਰਪਤੀਆਂ ਵਿਚਾਲੇ ਗੱਲਬਾਤ ਕਾਰੋਬਾਰੀ ਢੰਗ ਨਾਲ, ਖੁੱਲ੍ਹੇ ਤੇ ਰਚਨਾਤਮਕ ਮਾਹੌਲ ਵਿੱਚ ਹੋਈ।’’ ਊਸ਼ਾਕੋਵ ਨੇ ਪੱਤਰਕਾਰਾਂ ਨੂੰ ਗੱਲਬਾਤ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਸ਼ਟਰਪਤੀ ਪੂਤਿਨ ਨੇ ਇਰਾਨ ਵਿੱਚ ਚੱਲ ਰਹੇ ਟਕਰਾਅ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਟਰੰਪ ਨੂੰ ਖਾੜੀ ਦੇਸ਼ਾਂ ਦੇ ਆਗੂਆਂ ਅਤੇ ਇਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨਾਲ ਪਿਛਲੇ ਹਫ਼ਤੇ ਹੋਈ ਗੱਲਬਾਤ ਬਾਰੇ ਜਾਣਕਾਰੀ ਦਿੱਤੀ।

