ਆਪਣਾ ਪੰਜਾਬ ਮੀਡੀਆ : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵਰਲਡ ਇਕਨੌਮਿਕ ਫੋਰਮ ਵਿੱਚ ਹਿੱਸਾ ਲੈਣ ਲਈ ਦਾਵੋਸ, ਸਵਿਟਜ਼ਰਲੈਂਡ ਰਵਾਨਾ ਹੋ ਗਏ ਹਨ। ਗ੍ਰੀਨਲੈਂਡ ਉੱਤੇ ਕਬਜਾ ਕਰਨ ਦੀਆਂ ਧਮਕੀਆਂ ਦਰਮਿਆਨ ਟਰੰਪ ਦੇ ਯੂਰਪੀਅਨ ਭਾਈਵਾਲਾਂ ਵੱਲੋਂ ਸਖ਼ਤ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ। ਇਸ ਦੌਰੇ ਉੱਤੇ ਜਾਂਦੇ ਸਮੇਂ ਟਰੰਪ ਨੇ ਆਖਿਆ ਕਿ ਗ੍ਰੀਨਲੈਂਡ ਬਾਰੇ ਗੱਲਬਾਤ ਕਰਨ ਲਈ ਉਨ੍ਹਾਂ ਵੱਲੋਂ ਕਈ ਮੀਟਿੰਗਾਂ ਵਿੱਚ ਹਿੱਸਾ ਲਿਆ ਜਾਵੇਗਾ।
ਉਨ੍ਹਾਂ ਇਹ ਵੀ ਜ਼ੋਰ ਦੇ ਕੇ ਆਖਿਆ ਕਿ ਇਸ ਆਰਕਟਿਕ ਆਈਲੈਂਡ ਉੱਤੇ ਕਬਜਾ ਕਰਨ ਲਈ ਟੈਰਿਫਜ਼ ਤੋਂ ਇਲਾਵਾ ਉਹ ਕਈ ਹੋਰ ਤਰ੍ਹਾਂ ਦੇ ਢੰਗ ਤਰੀਕੇ ਵੀ ਵਰਤ ਸਕਦੇ ਹਨ।ਟਰੰਪ ਨੇ ਇਹ ਵੀ ਆਖਿਆ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਦਾਵੋਸ ਦੇ ਟਰਿੱਪ ਤੋਂ ਉਨ੍ਹਾਂ ਨੂੰ ਕੀ ਮਿਲਣ ਵਾਲਾ ਹੈ ਪਰ ਉਨ੍ਹਾਂ ਆਖਿਆ ਕਿ ਉੱਥੇ ਉਨ੍ਹਾਂ ਦੀ ਮੁਲਾਕਾਤ ਵਿਸ਼ਵ ਦੇ ਕਈ ਆਗੂਆਂ ਨਾਲ ਹੋਵੇਗੀ। ਉਨ੍ਹਾਂ ਆਪਣੇ ਇਸ ਦੌਰੇ ਦੇ ਸਫਲ ਰਹਿਣ ਦੀ ਉਮੀਦ ਕੀਤੀ। ਛੇ ਸਾਲਾਂ ਵਿੱਚ ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਟਰੰਪ ਦੁਨੀਆਂ ਦੇ ਆਰਥਿਕ ਤੇ ਸਿਆਸੀ ਆਗੂਆਂ ਦੇ ਇਸ ਸਾਲਾਨਾ ਇੱਕਠ ਵਿੱਚ ਹਿੱਸਾ ਲੈਣ ਜਾ ਰਹੇ ਹੋਣ।

