ਸਟੀਵ ਵਿਟਕੌਫ ਨੇ ਕੀਤਾ ਐਲਾਨ; ਅਮਰੀਕਾ, ਯੂਕਰੇਨ ਅਤੇ ਰੂਸ ਦੇ ਨੁਮਾਇੰਦੇ ਜੰਗਬੰਦੀ, ਜੰਗ ਤੋਂ ਬਾਅਦ ਦੀ ਸੁਰੱਖਿਆ ਅਤੇ ਮਨੁੱਖੀ ਸਹਾਇਤਾ ਬਾਰੇ ਕਰਨਗੇ ਵਿਚਾਰ-ਵਟਾਂਦਰਾ
ਵਾਸ਼ਿੰਗਟਨ — ਆਪਣਾ ਪੰਜਾਬ ਮੀਡੀਆ ਰੂਸ ਅਤੇ ਯੂਕਰੇਨ ਵਿਚਾਲੇ ਲੰਬੇ ਸਮੇਂ ਤੋਂ ਜਾਰੀ ਜੰਗ ਨੂੰ ਖ਼ਤਮ ਕਰਵਾਉਣ ਲਈ ਅਮਰੀਕਾ ਨੇ ਇੱਕ ਹੋਰ ਕੂਟਨੀਤਕ ਪਹਿਲ ਕੀਤੀ ਹੈ। ਅਮਰੀਕੀ ਵਿਸ਼ੇਸ਼ ਦੂਤ ਸਟੀਵ ਵਿਟਕੌਫ ਨੇ ਐਲਾਨ ਕੀਤਾ ਹੈ ਕਿ 10 ਅਤੇ 11 ਨਵੰਬਰ ਨੂੰ ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਅਬੂ ਧਾਬੀ ਵਿੱਚ ਅਮਰੀਕਾ ਦੀ ਵਿਚੋਲਗੀ ਹੇਠ ਰੂਸ ਅਤੇ ਯੂਕਰੇਨ ਦੇ ਨੁਮਾਇੰਦਿਆਂ ਵਿਚਾਲੇ ਗੱਲਬਾਤ ਹੋਵੇਗੀ। ਇਹ ਗੱਲਬਾਤ ਜੰਗ ਦੇ ਹੱਲ ਲਈ ਕੰਮਕਾਜੀ ਪੱਧਰ ’ਤੇ ਕਰਵਾਈ ਜਾਵੇਗੀ।
ਵਿਟਕੌਫ ਨੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗੱਲਬਾਤ ਦਾ ਮੁੱਖ ਕੇਂਦਰ ਜੰਗ ਤੋਂ ਬਾਅਦ ਦੀਆਂ ਸੁਰੱਖਿਆ ਵਿਵਸਥਾਵਾਂ, ਤਣਾਅ ਘਟਾਉਣ ਦੇ ਉਪਰਾਲੇ, ਮਨੁੱਖੀ ਸਹਾਇਤਾ ਅਤੇ ਸ਼ਾਂਤੀ ਸਮਝੌਤੇ ਵੱਲ ਅਗਲੇ ਕਦਮ ਹੋਣਗੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਇਸ ਜੰਗ ਦਾ ਸਥਾਈ ਹੱਲ ਲੱਭਣ ਲਈ ਕੂਟਨੀਤਕ ਕੋਸ਼ਿਸ਼ਾਂ ਤੇਜ਼ ਕਰ ਰਿਹਾ ਹੈ।
ਅਬੂ ਧਾਬੀ ਵਿੱਚ ਹੋਣ ਵਾਲੀ ਗੱਲਬਾਤ ਵਿੱਚ ਅਮਰੀਕਾ ਵੱਲੋਂ ਸਟੀਵ ਵਿਟਕੌਫ ਅਤੇ ਜੈਰੇਡ ਕੁਸ਼ਨਰ ਦੀ ਅਗਵਾਈ ਹੇਠ ਟੀਮ ਸ਼ਾਮਲ ਹੋਣ ਦੀ ਉਮੀਦ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਵੀ ਨਵੀਂ ਗੱਲਬਾਤ ਲਈ ਸਹਿਮਤੀ ਦਿੱਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਹ ਸਹਿਮਤੀ ਵਿਟਕੌਫ ਦੀ ਸੇਂਟ ਪੀਟਰਸਬਰਗ ਵਿੱਚ ਪੁਤਿਨ ਨਾਲ ਹੋਈ ਮੁਲਾਕਾਤ ਤੋਂ ਬਾਅਦ ਬਣੀ।


