ਸਟੈਚੂ ਆਫ਼ ਯੂਨਿਟੀ ਨੇੜੇ 23 ਪ੍ਰਾਜੈਕਟ ਲੋਕਾਂ ਨੂੰ ਸਮਰਪਿਤ, 8 ਨਵੇਂ ਪ੍ਰਾਜੈਕਟਾਂ ਦਾ ਨੀਂਹ ਪੱਥਰ; ਨਵਾਂ ਹੋਟਲ, ਕਰੂਜ਼, ਰੇਨ ਫੋਰੈਸਟ ਅਤੇ ਈਕੋ ਟ੍ਰੇਲ ਬਣਨਗੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ
ਏਕਤਾ ਨਗਰ — ਆਪਣਾ ਪੰਜਾਬ ਮੀਡੀਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਨਰਮਦਾ ਜ਼ਿਲ੍ਹੇ ਵਿੱਚ ਸਥਿਤ ਏਕਤਾ ਨਗਰ ਵਿਖੇ ਸੈਰ-ਸਪਾਟੇ ਅਤੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਲਈ 426.71 ਕਰੋੜ ਰੁਪਏ ਦੇ 31 ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਵਿੱਚੋਂ 307.83 ਕਰੋੜ ਰੁਪਏ ਦੀ ਲਾਗਤ ਵਾਲੇ 23 ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਗਏ, ਜਦਕਿ 118.88 ਕਰੋੜ ਰੁਪਏ ਦੇ 8 ਨਵੇਂ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ। ਇਹ ਪ੍ਰਾਜੈਕਟ ਸਟੈਚੂ ਆਫ਼ ਯੂਨਿਟੀ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਪ੍ਰਮੁੱਖ ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਦੀ ਯੋਜਨਾ ਦਾ ਹਿੱਸਾ ਹਨ।
ਉਦਘਾਟਨ ਕੀਤੇ ਗਏ ਪ੍ਰਮੁੱਖ ਸੈਰ-ਸਪਾਟਾ ਪ੍ਰਾਜੈਕਟਾਂ ਵਿੱਚ 50 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਆਈਆਰਸੀਟੀਸੀ ਹੋਟਲ, 16 ਕਰੋੜ ਰੁਪਏ ਦਾ ਏਕਤਾ ਕਰੂਜ਼, 14.30 ਕਰੋੜ ਰੁਪਏ ਦੀ ਲਾਗਤ ਵਾਲਾ ਰੇਨ ਫੋਰੈਸਟ ਅਤੇ 3.67 ਕਰੋੜ ਰੁਪਏ ਦਾ ਈਕੋ ਟ੍ਰੇਲ ਸ਼ਾਮਲ ਹਨ। ਰੇਨ ਫੋਰੈਸਟ ਵਿੱਚ ਕੁਦਰਤੀ ਜੰਗਲ ਵਰਗਾ ਮਾਹੌਲ ਤਿਆਰ ਕੀਤਾ ਗਿਆ ਹੈ, ਜਿੱਥੇ ਨਕਲੀ ਮੀਂਹ ਅਤੇ ਕੱਚ ਦਾ ਸਕਾਈਵਾਕ ਸੈਲਾਨੀਆਂ ਲਈ ਖ਼ਾਸ ਖਿੱਚ ਦਾ ਕੇਂਦਰ ਹੋਵੇਗਾ।
ਸੈਲਾਨੀਆਂ ਦੀ ਸਹੂਲਤ ਲਈ ਸੀਵਰੇਜ ਟ੍ਰੀਟਮੈਂਟ ਪਲਾਂਟ, ਵਾਟਰ ਟ੍ਰੀਟਮੈਂਟ ਪਲਾਂਟ, ਪਰੇਡ ਟਰੈਕ, ਯਾਤਰੀਆਂ ਦੀ ਆਵਾਜਾਈ ਲਈ ਟ੍ਰੈਵਲੇਟਰ ਅਤੇ ਹੋਰ ਸਹੂਲਤਾਂ ਵੀ ਸ਼ੁਰੂ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਏਕਤਾ ਨਗਰ ਰੇਲਵੇ ਸਟੇਸ਼ਨ ਤੋਂ ਵਿਜ਼ਟਰ ਸੈਂਟਰ ਤੱਕ ਪੈਦਲ ਰਸਤੇ ਨੂੰ ਹੋਰ ਬਿਹਤਰ ਬਣਾਉਣ ਅਤੇ ਬਿਜਲੀ ਨਾਲ ਚੱਲਣ ਵਾਲੀਆਂ ਏਅਰ ਕੰਡੀਸ਼ਨਡ ਬੱਸਾਂ ਦੀ ਸਹੂਲਤ ਵੀ ਪ੍ਰਦਾਨ ਕੀਤੀ ਗਈ ਹੈ।


