ਨੇਤਨਯਾਹੂ ਵੱਲੋਂ ਅਮਰੀਕੀ ਚੋਣਾਂ ਤੋਂ ਤੁਰੰਤ ਬਾਅਦ ਫ਼ੌਜੀ ਕਾਰਵਾਈ ਦਾ ਦਬਾਅ ਬਣਾਉਣ ਦੀ ਰਿਪੋਰਟ; ਟਰੰਪ ਫਿਲਹਾਲ ਈਰਾਨ ਨਾਲ ਕੂਟਨੀਤਕ ਗੱਲਬਾਤ ਨੂੰ ਹੋਰ ਸਮਾਂ ਦੇਣ ਦੇ ਹੱਕ ਵਿੱਚ
ਵਾਸ਼ਿੰਗਟਨ — ਆਪਣਾ ਪੰਜਾਬ ਮੀਡੀਆ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਿਚਾਲੇ ਸ਼ਨੀਵਾਰ ਨੂੰ ਈਰਾਨ ਨਾਲ ਜੁੜੇ ਤਣਾਅ ਅਤੇ ਅਗਲੀ ਰਣਨੀਤੀ ਬਾਰੇ ਫ਼ੋਨ ’ਤੇ ਗੱਲਬਾਤ ਹੋਈ। ਇਹ ਗੱਲਬਾਤ ਅਜਿਹੇ ਸਮੇਂ ਹੋਈ ਹੈ ਜਦੋਂ ਅਮਰੀਕੀ ਪ੍ਰਸ਼ਾਸਨ ਈਰਾਨ ਵਿਰੁੱਧ ਮੁੜ ਵੱਡੀ ਫ਼ੌਜੀ ਕਾਰਵਾਈ ਕਰਨ ਦੇ ਵਿਕਲਪਾਂ ’ਤੇ ਵਿਚਾਰ ਕਰ ਰਿਹਾ ਹੈ। ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਟਰੰਪ ਨੇ ਇਸ ਤੋਂ ਪਹਿਲਾਂ ਵ੍ਹਾਈਟ ਹਾਊਸ ਵਿੱਚ ਸੀਨੀਅਰ ਫ਼ੌਜੀ ਅਧਿਕਾਰੀਆਂ ਨਾਲ ਸੰਭਾਵਿਤ ਹਮਲਿਆਂ ਬਾਰੇ ਚਰਚਾ ਵੀ ਕੀਤੀ ਸੀ।
‘ਐਕਸੀਓਸ’ ਅਤੇ ਇਜ਼ਰਾਈਲੀ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਨੇਤਨਯਾਹੂ ਨੇ ਟਰੰਪ ’ਤੇ ਜ਼ੋਰ ਪਾਇਆ ਕਿ ਅਮਰੀਕਾ ਵਿੱਚ 3 ਨਵੰਬਰ ਨੂੰ ਹੋਣ ਵਾਲੀਆਂ ਮੱਧਕਾਲੀ ਚੋਣਾਂ ਤੋਂ ਤੁਰੰਤ ਬਾਅਦ ਈਰਾਨ ਵਿਰੁੱਧ ਫ਼ੌਜੀ ਕਾਰਵਾਈ ਮੁੜ ਸ਼ੁਰੂ ਕੀਤੀ ਜਾਵੇ। ਰਿਪੋਰਟਾਂ ਮੁਤਾਬਕ ਇਜ਼ਰਾਈਲੀ ਪ੍ਰਧਾਨ ਮੰਤਰੀ ਨੂੰ ਚਿੰਤਾ ਹੈ ਕਿ ਈਰਾਨ ਨਾਲ ਚੱਲ ਰਹੀ ਗੱਲਬਾਤ ਕਾਰਨ ਤਹਿਰਾਨ ’ਤੇ ਦਬਾਅ ਘੱਟ ਹੋ ਸਕਦਾ ਹੈ। ਹਾਲਾਂਕਿ, ਟਰੰਪ ਫਿਲਹਾਲ ਗੱਲਬਾਤ ਨੂੰ ਹੋਰ ਸਮਾਂ ਦੇਣਾ ਚਾਹੁੰਦੇ ਹਨ।
ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਹੈ ਕਿ ਈਰਾਨ ਨਾਲ ਕੂਟਨੀਤਕ ਸੰਪਰਕ ਜਾਰੀ ਹਨ ਅਤੇ ਰਾਸ਼ਟਰਪਤੀ ਨੇ ਹਾਲੇ ਤੱਕ ਨਵੇਂ ਹਮਲਿਆਂ ਬਾਰੇ ਕੋਈ ਅੰਤਿਮ ਫ਼ੈਸਲਾ ਨਹੀਂ ਕੀਤਾ। ਉਨ੍ਹਾਂ ਮੁਤਾਬਕ ਅਮਰੀਕਾ ਅਜਿਹੇ ਸਮਝੌਤੇ ਲਈ ਤਿਆਰ ਹੈ ਜੋ ਉਸ ਦੀਆਂ ਸੁਰੱਖਿਆ ਚਿੰਤਾਵਾਂ, ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਅਤੇ ਖੇਤਰੀ ਹਥਿਆਰਬੰਦ ਗਰੁੱਪਾਂ ਨਾਲ ਜੁੜੇ ਮੁੱਦਿਆਂ ਦਾ ਹੱਲ ਕਰੇ।


