ਅਮਰੀਕੀ ਰਾਸ਼ਟਰਪਤੀ ਦਾ ਬਿਆਨ—ਈਰਾਨ ਨਾਲ ਸਮਝੌਤੇ ਦੀ ਸੰਭਾਵਨਾ ਬਰਕਰਾਰ, ਪਰ ਮੁੜ ਫ਼ੌਜੀ ਕਾਰਵਾਈ ਤੋਂ ਵੀ ਇਨਕਾਰ ਨਹੀਂ
ਵਾਸ਼ਿੰਗਟਨ, ਆਪਣਾ ਪੰਜਾਬ ਮੀਡੀਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨਾਲ ਵਧਦੇ ਤਣਾਅ ਦਰਮਿਆਨ ਕਿਹਾ ਹੈ ਕਿ ਅਮਰੀਕਾ ਈਰਾਨ ’ਤੇ ਮੁੜ ਹਮਲਾ ਵੀ ਕਰ ਸਕਦਾ ਹੈ ਅਤੇ ਦੋਵਾਂ ਦੇਸ਼ਾਂ ਵਿਚਕਾਰ ਇੱਕ ਵੱਡਾ ਸਮਝੌਤਾ ਵੀ ਹੋ ਸਕਦਾ ਹੈ। ਸ਼ਨੀਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਇਹ ਦੱਸਣਾ ਉਨ੍ਹਾਂ ਦਾ ਕੰਮ ਨਹੀਂ ਕਿ ਅਮਰੀਕਾ ਹਮਲਾ ਕਰੇਗਾ ਜਾਂ ਨਹੀਂ। ਉਨ੍ਹਾਂ ਕਿਹਾ ਕਿ ਸਮਝੌਤੇ ਦੀ ਸੰਭਾਵਨਾ ਵੀ ਮੌਜੂਦ ਹੈ, ਪਰ ਮੁੱਖ ਸਵਾਲ ਇਹ ਹੈ ਕਿ ਕੀ ਈਰਾਨ ਸਮਝੌਤੇ ਦੀਆਂ ਸ਼ਰਤਾਂ ਦੀ ਪਾਲਣਾ ਕਰੇਗਾ।
ਦੂਜੇ ਪਾਸੇ, ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਅਮਰੀਕਾ ’ਤੇ ਜੰਗ ਖ਼ਤਮ ਕਰਨ ਲਈ ਚੱਲ ਰਹੀ ਗੱਲਬਾਤ ਵਿੱਚ ਵਿਘਨ ਪਾਉਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਈਰਾਨ ਸਮਝੌਤੇ ਦੀ ਦਿਸ਼ਾ ਵਿੱਚ ਅੱਗੇ ਵਧਣਾ ਚਾਹੁੰਦਾ ਹੈ, ਪਰ ਗੱਲਬਾਤ ਵਿੱਚ ਰੁਕਾਵਟਾਂ ਪੈਦਾ ਕੀਤੀਆਂ ਗਈਆਂ। ਖੇਤਰ ਵਿੱਚ ਵਧਦੇ ਤਣਾਅ ਅਤੇ ਸੰਭਾਵਿਤ ਫ਼ੌਜੀ ਕਾਰਵਾਈ ਦੇ ਖ਼ਦਸ਼ਿਆਂ ਵਿਚਕਾਰ ਅਮਰੀਕਾ-ਈਰਾਨ ਸਬੰਧਾਂ ’ਤੇ ਦੁਨੀਆ ਦੀ ਨਜ਼ਰ ਬਣੀ ਹੋਈ ਹੈ।


