3 ਕਰੋੜ ਡਾਲਰ ਤੋਂ ਇੱਕ ਲੱਖ ਡਾਲਰ ਤੱਕ ਜਾਇਦਾਦ ਦੇ ਅੰਕੜਿਆਂ ਵਿੱਚ ਸੋਧ ’ਤੇ ਵਿਵਾਦ; ਟਰੰਪ ਨੇ ਆਮਦਨ ਦੇ ਸਰੋਤਾਂ ਅਤੇ ਪਤੀ ਦੇ ਕਾਰੋਬਾਰ ਬਾਰੇ ਮੰਗਿਆ ਸਪੱਸ਼ਟੀਕਰਨ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡੈਮੋਕ੍ਰੇਟਿਕ ਪਾਰਟੀ ਦੀ ਸੰਸਦ ਮੈਂਬਰ ਇਲਹਾਨ ਉਮਰ ਦੀ ਜਾਇਦਾਦ ਅਤੇ ਵਿੱਤੀ ਵੇਰਵਿਆਂ ਵਿੱਚ ਕੀਤੀ ਗਈ ਸੋਧ ਨੂੰ ਲੈ ਕੇ ਗੰਭੀਰ ਸਵਾਲ ਚੁੱਕੇ ਹਨ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ’ਤੇ ਪੋਸਟ ਕਰਦਿਆਂ ਪੁੱਛਿਆ ਕਿ ਉਮਰ ਦੀ ਜਾਇਦਾਦ ਪਹਿਲਾਂ ਲਗਭਗ 3 ਕਰੋੜ ਡਾਲਰ ਤੱਕ ਕਿਵੇਂ ਦਰਸਾਈ ਗਈ ਅਤੇ ਬਾਅਦ ਵਿੱਚ ਇਸ ਨੂੰ ਘਟਾ ਕੇ ਕਰੀਬ ਇੱਕ ਲੱਖ ਡਾਲਰ ਕਿਉਂ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਅਮਰੀਕੀ ਲੋਕ ਇਸ ਵੱਡੇ ਅੰਤਰ ਬਾਰੇ ਜਵਾਬ ਚਾਹੁੰਦੇ ਹਨ। ਟਰੰਪ ਨੇ ਉਮਰ ਦੀ ਆਮਦਨ ਅਤੇ ਵਿੱਤੀ ਲੈਣ-ਦੇਣ ਸਬੰਧੀ ਬੇਨਿਯਮੀਆਂ ਦੇ ਸ਼ੱਕ ਵੀ ਜ਼ਾਹਰ ਕੀਤੇ, ਹਾਲਾਂਕਿ ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਦੇ ਸਮਰਥਨ ਵਿੱਚ ਕੋਈ ਠੋਸ ਸਬੂਤ ਪੇਸ਼ ਨਹੀਂ ਕੀਤਾ।
ਟਰੰਪ ਨੇ ਇਲਹਾਨ ਉਮਰ ਅਤੇ ਉਨ੍ਹਾਂ ਦੇ ਪਤੀ ਟਿਮ ਮਾਇਨੇਟ ਦੀਆਂ ਜਾਇਦਾਦਾਂ, ਮਹਿੰਗੀਆਂ ਗੱਡੀਆਂ ਅਤੇ ਵਾਸ਼ਿੰਗਟਨ ਸਥਿਤ ਰਿਹਾਇਸ਼ ਬਾਰੇ ਵੀ ਸਵਾਲ ਕੀਤੇ। ਉਨ੍ਹਾਂ ਦਾਅਵਾ ਕੀਤਾ ਕਿ ਉਮਰ ਦੇ ਪਤੀ ਦੀ ਆਮਦਨ ਇੰਨੀ ਨਹੀਂ ਕਿ ਉਹ ਵੱਡੀ ਜਾਇਦਾਦ ਇਕੱਠੀ ਕਰ ਸਕਣ। ਦੂਜੇ ਪਾਸੇ, ਉਮਰ ਨੇ ਪਹਿਲਾਂ ਆਪਣੇ ਵਿੱਤੀ ਖੁਲਾਸਿਆਂ ਵਿੱਚ ਹੋਈ ਗ਼ਲਤੀ ਲਈ ਅਕਾਊਂਟੈਂਟ ਦੀ ਗ਼ਲਤੀ ਨੂੰ ਜ਼ਿੰਮੇਵਾਰ ਦੱਸਿਆ ਸੀ। ਰਿਪੋਰਟਾਂ ਮੁਤਾਬਕ, ਪਹਿਲਾਂ ਦਰਸਾਈ ਗਈ ਕਰੋੜਾਂ ਡਾਲਰ ਦੀ ਕੀਮਤ ਉਨ੍ਹਾਂ ਦੇ ਪਤੀ ਨਾਲ ਜੁੜੀਆਂ ਕੰਪਨੀਆਂ ਦੇ ਮੁੱਲਾਂਕਣ ਨਾਲ ਸਬੰਧਤ ਸੀ, ਨਾ ਕਿ ਪੂਰੀ ਤਰ੍ਹਾਂ ਉਮਰ ਦੀ ਨਿੱਜੀ ਨਕਦ ਜਾਇਦਾਦ ਨਾਲ।


