‘ਪੋਥੀ ਪਰਮੇਸ਼ਵਰ ਕਾ ਥਾਨੁ ਤੋਂ ਗੁਰੂ ਮਾਨਿਓ ਗ੍ਰੰਥ’ ਲੋਕ ਅਰਪਣ
ਐਡੀਲੇਡ : ਆਪਣਾ ਪੰਜਾਬ ਮੀਡੀਆ : ਐਡੀਲੇਡ ਦੇ ਹੋਪ ਕਾਲਜ ਵਿੱਚ ਬਿੱਕਰ ਬਰਾੜ ਅਤੇ ਰਾਬਤਾ ਰੇਡੀਓ ਦੇ ਡਾਇਰੈਕਟਰ ਰੌਬੀ ਬੈਨੀਪਾਲ ਨੇ ਲੇਖਕ ਗੱਜਣਵਾਲਾ ਸੁਖਮਿੰਦਰ ਸਿੰਘ ਦੀ ਨਵੀਂ ਪੁਸਤਕ ‘ਪੋਥੀ ਪਰਮੇਸ਼ਵਰ ਕਾ ਥਾਨੁ ਤੋਂ ਗੁਰੂ ਮਾਨਿਓ ਗ੍ਰੰਥ’ ਰਿਲੀਜ਼ ਕੀਤੀ ਅਤੇ ਇਸ ’ਤੇ ਵਿਸ਼ੇਸ਼ ਵਿਚਾਰ ਗੋਸ਼ਟੀ ਕਰਵਾਈ ਗਈ।
ਲੈਫਟੀਨੈਂਟ ਕਰਨਲ ਬਿੱਕਰ ਬਰਾੜ ਨੇ ਲੇਖਕ ਗੱਜਣਵਾਲਾ ਦੇ ਸਾਹਿਤਕ ਸਫ਼ਰ ਬਾਰੇ ਦੱਸਿਆ। ਗੱਜਣਵਾਲਾ ਸੁਖਮਿੰਦਰ ਨੇ ਦੱਸਿਆ ਕਿ ਉਨ੍ਹਾਂ ਇਹ ਰੂਹਾਨੀ ਸਫ਼ਰਨਾਮਾ ਗੁਰੂ ਗ੍ਰੰਥ ਸਾਹਿਬ ਦੇ ਸਫ਼ਰ 1601 ਈਸਵੀ ਤੋਂ ਲੈ ਕੇ 1708 ਈਸਵੀ ਤੱਕ ਧਾਰਮਿਕ ਇਤਿਹਾਸਕ ਤੱਥਾਂ ਅਤੇ ਵੇਰਵਿਆਂ ਤਹਿਤ ਖੋਜ ਕਰ ਕੇ ਲਿਖਿਆ ਹੈ। ਇਸ ਪੁਸਤਕ ਵਿੱਚ 1601 ਈਸਵੀ ਦੌਰਾਨ ਗੁਰੂ ਅਰਜਨ ਦੇਵ ਦਾ ਗੁਰੂ ਨਾਨਕ ਦੇਵ ਦੀ ਵਿਚਾਰਧਾਰਾ ਅਤੇ ਧਰਮ ਨੂੰ ਅੱਗੇ ਤੋਰਨ ਲਈ ‘ਪੋਥੀ ਪਰਮੇਸ਼ਵਰ ਕਾ ਥਾਨੁ’ ਦਾ ਸੰਕਲਪ ਸ਼ੁਰੂ ਕੀਤਾ, ਜਿਸ ਨੂੰ ਅੰਤਿਮ ਰੂਪ ਦਸਵੇਂ ਗੁਰੂ ਗੋਬਿੰਦ ਸਿੰਘ ਨੇ ਸਭ ਸਿੱਖਾਂ ਨੂੰ ਹੁਕਮ ‘ਗੁਰੂ ਮਾਨਿਓ ਗ੍ਰੰਥ’ ਨਾਲ ਦਿੱਤਾ, ਸ਼ਾਮਲ ਹੈ। ਇਸ ਮੌਕੇ ਭੁਪਿੰਦਰ ਸਿੰਘ ਮਨਹਾਸ, ਬਲਵਿੰਦਰ ਸਿੰਘ ਥਾਂਦੀ, ਸ਼ੇਖਰ ਮਿੱਤਲ, ਗੁਰਪ੍ਰੀਤ ਸਿੰਘ, ਰੌਬੀ ਬੈਨੀਪਾਲ ਅਤੇ ਤੇਜਸ਼ਦੀਪ ਸਿੰਘ ਅਜਨੌਦਾ ਨੇ ਸੰਬੋਧਨ ਕੀਤਾ। ਪ੍ਰਬੰਧਕਾਂ ਨੇ ਲੇਖਕ ਗੱਜਣਵਾਲਾ ਸੁਖਮਿੰਦਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਅਤੇ ਦਸਤਾਰ ਭੇਟ ਕਰ ਕੇ ਸਨਮਾਨਿਆ।


