ਕੈਨੇਡਾ ਦੀ ਏਕਤਾ ’ਤੇ ਛਿੜੀ ਨਵੀਂ ਚਰਚਾ; ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਸੂਬਾਈ ਮੁੱਖ ਮੰਤਰੀਆਂ ਨੇ ਮਸਕ ਦੇ ਬਿਆਨ ਦਾ ਕੀਤਾ ਵਿਰੋਧ
ਓਟਾਵਾ : ਆਪਣਾ ਪੰਜਾਬ ਮੀਡੀਆ : ਅਮਰੀਕੀ ਤਕਨਾਲੋਜੀ ਕਾਰੋਬਾਰੀ ਐਲਨ ਮਸਕ ਨੇ ਕੈਨੇਡਾ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜਦਿਆਂ ਕਿਹਾ ਹੈ ਕਿ ਕਿਊਬੈਕ, ਅਲਬਰਟਾ ਅਤੇ ਸਸਕੈਚਵਨ ਨੂੰ ਕੈਨੇਡਾ ਤੋਂ ਵੱਖ ਹੋ ਜਾਣਾ ਚਾਹੀਦਾ ਹੈ। ਮਸਕ ਨੇ 7 ਅਕਤੂਬਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਹ ਟਿੱਪਣੀ ਕਿਊਬੈਕ ਵਿੱਚ ਵੱਖਵਾਦੀ ਪਾਰਟੀ ‘ਪਾਰਟੀ ਕਿਊਬੈਕਵਾ’ ਦੀ ਚੋਣ ਜਿੱਤ ਤੋਂ ਬਾਅਦ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸੂਬਿਆਂ ਨੂੰ ਆਜ਼ਾਦ ਹੋਣ ਨਾਲ ਫ਼ਾਇਦਾ ਹੋਵੇਗਾ। ਕਿਊਬੈਕ ਵਿੱਚ ਨਵੀਂ ਸਰਕਾਰ ਬਣਾਉਣ ਜਾ ਰਹੀ ਇਸ ਪਾਰਟੀ ਨੇ ਸੂਬੇ ਦੀ ਆਜ਼ਾਦੀ ਦੇ ਮੁੱਦੇ ਨੂੰ ਆਪਣੀ ਸਿਆਸਤ ਦਾ ਅਹਿਮ ਹਿੱਸਾ ਬਣਾਇਆ ਹੋਇਆ ਹੈ।
ਮਸਕ ਦੇ ਬਿਆਨ ’ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਦੇਸ਼ ਦਾ ਭਵਿੱਖ ਕੈਨੇਡੀਅਨ ਲੋਕ ਖ਼ੁਦ ਤੈਅ ਕਰਨਗੇ, ਨਾ ਕਿ ਵਿਦੇਸ਼ੀ ਸਰਕਾਰਾਂ ਜਾਂ ਵੱਡੀਆਂ ਤਕਨਾਲੋਜੀ ਕੰਪਨੀਆਂ। ਸਸਕੈਚਵਨ ਦੇ ਮੁੱਖ ਮੰਤਰੀ ਸਕਾਟ ਮੋ ਨੇ ਮਸਕ ਦੀ ਪੋਸਟ ਦਾ ਜਵਾਬ ਸਿਰਫ਼ ਇੱਕ ਸ਼ਬਦ ‘ਨਹੀਂ’ ਲਿਖ ਕੇ ਦਿੱਤਾ। ਅਲਬਰਟਾ ਦੀ ਮੁੱਖ ਮੰਤਰੀ ਡੈਨੀਅਲ ਸਮਿਥ ਨੇ ਵੀ ਇਸ ਵਿਚਾਰ ਨਾਲ ਅਸਹਿਮਤੀ ਜਤਾਈ ਹੈ ਅਤੇ ਕਿਹਾ ਹੈ ਕਿ ਉਹ ਕੈਨੇਡਾ ਨਾਲ ਸੂਬੇ ਦੀ ਏਕਤਾ ਦੇ ਹੱਕ ਵਿੱਚ ਵੋਟ ਪਾਉਣਗੇ।
ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਖ਼ੁਦਮੁਖਤਿਆਰੀ ਅਤੇ ਵੱਖ ਹੋਣ ਦੇ ਮੁੱਦੇ ’ਤੇ ਚਰਚਾ ਜਾਰੀ ਹੈ। ਅਲਬਰਟਾ ਵਿੱਚ 19 ਅਕਤੂਬਰ ਨੂੰ ਹੋਣ ਵਾਲੇ ਜਨਮਤ ਸੰਗ੍ਰਹਿ ਵਿੱਚ ਲੋਕਾਂ ਤੋਂ ਪੁੱਛਿਆ ਜਾਵੇਗਾ ਕਿ ਕੀ ਸੂਬਾ ਕੈਨੇਡਾ ਦਾ ਹਿੱਸਾ ਬਣਿਆ ਰਹੇ ਜਾਂ ਵੱਖ ਹੋਣ ਬਾਰੇ ਬਾਅਦ ਵਿੱਚ ਬਾਈਂਡਿੰਗ ਰੈਫਰੈਂਡਮ ਕਰਵਾਉਣ ਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ। ਦੂਜੇ ਪਾਸੇ, ਕਿਊਬੈਕ ਦੀ ਵੱਖਵਾਦੀ ਪਾਰਟੀ ਨੂੰ ਚੋਣਾਂ ਵਿੱਚ ਲਗਭਗ 28 ਫ਼ੀਸਦੀ ਵੋਟਾਂ ਮਿਲੀਆਂ ਅਤੇ ਉਸ ਨੂੰ ਵਿਧਾਨ ਸਭਾ ਵਿੱਚ ਬਹੁਮਤ ਨਹੀਂ ਮਿਲਿਆ। ਇਸ ਲਈ ਚੋਣ ਨਤੀਜੇ ਨੂੰ ਸੂਬੇ ਦੀ ਆਜ਼ਾਦੀ ਲਈ ਸਿੱਧਾ ਲੋਕ ਫ਼ਤਵਾ ਨਹੀਂ ਮੰਨਿਆ ਜਾ ਰਿਹਾ।


