‘ਅਲ-ਬਯਾਨ’ ਮੈਗਜ਼ੀਨ ਵਿੱਚ ਛਪੀ ਧਮਕੀ: ਅਰਬੀ ਮੈਗਜ਼ੀਨ ਅਤੇ ਟੈਲੀਗ੍ਰਾਮ ਚੈਨਲਾਂ ਰਾਹੀਂ ਫੈਲਾਇਆ ਗਿਆ ਲੇਖ
ਦੁਬਈ : ਆਪਣਾ ਪੰਜਾਬ ਮੀਡੀਆ : ਅਤਿਵਾਦੀ ਸੰਗਠਨ ਅਲ-ਕਾਇਦਾ ਨੇ ਅਮਰੀਕਾ ਅਤੇ ਇਜ਼ਰਾਈਲ ਦੇ ਨਾਗਰਿਕਾਂ ਨੂੰ ਲਿਜਾ ਰਹੇ ਜਹਾਜ਼ਾਂ ‘ਤੇ ਹਮਲੇ ਕਰਨ ਦੀ ਧਮਕੀ ਦਿੱਤੀ ਹੈ। ਸੰਗਠਨ ਨੇ ਹਾਲ ਹੀ ਵਿੱਚ 30 ਸਤੰਬਰ ਨੂੰ ‘ਫਲਾਈ-ਦੁਬਈ’ ਫਲਾਈਟ ਵਿੱਚ ਕੈਪਟਨ ਸਮਿਤ ਮੱਛਾਰ ‘ਤੇ ਹੋਏ ਹਮਲੇ ਅਤੇ 9/11 (ਅਮਰੀਕਾ) ਦੇ ਅਤਿਵਾਦੀ ਹਮਲਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਇਹ ਲੋਕ ਇਸਲਾਮ ਖਿਲਾਫ਼ ਲੜ ਰਹੇ ਹਨ।
ਇਕ ਰਿਪੋਰਟ ਮੁਤਾਬਕ, ਇਹ ਧਮਕੀ ਅਲ-ਕਾਇਦਾ ਸਮਰਥਕਾਂ ਵੱਲੋਂ ਜੁਲਾਈ ਵਿੱਚ ਸ਼ੁਰੂ ਕੀਤੇ ਗਏ ਹਫਤਾਵਾਰੀ ਮੈਗਜ਼ੀਨ ‘ਅਲ-ਬਯਾਨ’ ਦੇ ਤਾਜ਼ਾ ਅੰਕ ਵਿੱਚ ਛਪੀ ਹੈ। ਇਸ ਅਰਬੀ ਮੈਗਜ਼ੀਨ ਵਿੱਚ ਇੱਕ ਧਮਕੀ ਭਰਿਆ ਸੰਦੇਸ਼ ਦਿੱਤਾ ਗਿਆ ਹੈ, “ਜੰਗ ਅਜੇ ਖਤਮ ਨਹੀਂ ਹੋਈ ਹੈ। ਇਸਲਾਮ ਵਿਰੁੱਧ ਲੜਨ ਵਾਲੇ ਜ਼ਾਇਓਨਿਸਟਾਂ, ਅਮਰੀਕੀਆਂ ਅਤੇ ਹੋਰ ਸਾਰੇ ਕਾਫ਼ਰਾਂ ਦੇ ਜਹਾਜ਼ ਅਜੇ ਵੀ ਅਸਮਾਨ ਵਿੱਚ ਉੱਡ ਰਹੇ ਹਨ। ਇਨ੍ਹਾਂ ਨੂੰ 11 ਸਤੰਬਰ (9/11) ਅਤੇ 30 ਸਤੰਬਰ (‘ਫਲਾਈ-ਦੁਬਈ’ ਘਟਨਾ) ਵਾਂਗ ਨਿਸ਼ਾਨਾ ਬਣਾਇਆ ਜਾ ਸਕਦਾ ਹੈ।


