ਯੂਐਨ ਜਨਰਲ ਅਸੈਂਬਲੀ ਤੋਂ ਬਾਅਦ ਦੇਸ਼ ਛੱਡਣ ਦੇ ਹੁਕਮ ਦੀ ਪਾਲਣਾ ਨਾ ਕਰਨ ਦਾ ਦੋਸ਼; ਦੋਵੇਂ ਨਿਊਯਾਰਕ ਤੋਂ ਹੋਏ ਰਵਾਨਾ
ਵਾਸ਼ਿੰਗਟਨ : ਆਪਣਾ ਪੰਜਾਬ ਮੀਡੀਆ : ਅਮਰੀਕਾ ਨੇ ਈਰਾਨ ਦੇ ਯੂਐਨ ਜਨਰਲ ਅਸੈਂਬਲੀ ਡੈਲੀਗੇਸ਼ਨ ਦੇ ਦੋ ਮੈਂਬਰਾਂ ਨੂੰ ਦੇਸ਼ ਛੱਡਣ ਦੇ ਹੁਕਮ ਦੀ ਕਥਿਤ ਤੌਰ ’ਤੇ ਪਾਲਣਾ ਨਾ ਕਰਨ ਤੋਂ ਬਾਅਦ ਅਮਰੀਕਾ ਤੋਂ ਕੱਢ ਦਿੱਤਾ। ਅਮਰੀਕੀ ਅਧਿਕਾਰੀ ਦੇ ਹਵਾਲੇ ਨਾਲ ਰਿਪੋਰਟ ਵਿੱਚ ਦੱਸਿਆ ਗਿਆ ਕਿ ਸਟੇਟ ਡਿਪਾਰਟਮੈਂਟ ਨੇ 28 ਸਤੰਬਰ ਨੂੰ ਈਰਾਨੀ ਮਿਸ਼ਨ ਨੂੰ ਪੂਰੇ ਡੈਲੀਗੇਸ਼ਨ ਨੂੰ ਤੁਰੰਤ ਅਮਰੀਕਾ ਛੱਡਣ ਲਈ ਕਿਹਾ ਸੀ। ਇਸ ਦੇ ਬਾਵਜੂਦ ਦੋ ਮੈਂਬਰ ਨਿਊਯਾਰਕ ਵਿੱਚ ਹੀ ਰਹੇ। ਸ਼ੁੱਕਰਵਾਰ ਨੂੰ ਅਮਰੀਕੀ ਅਧਿਕਾਰੀਆਂ ਨੇ ਈਰਾਨੀ ਮਿਸ਼ਨ ਨੂੰ ਦੱਸਿਆ ਕਿ ਦੋਵੇਂ ਅਜੇ ਵੀ ਸ਼ਹਿਰ ਵਿੱਚ ਮੌਜੂਦ ਹਨ ਅਤੇ ਉਨ੍ਹਾਂ ਨੂੰ ਤੁਰੰਤ ਰਵਾਨਾ ਹੋਣ ਲਈ ਦੁਬਾਰਾ ਕਿਹਾ ਗਿਆ।
ਅਮਰੀਕੀ ਅਧਿਕਾਰੀ ਮੁਤਾਬਕ ਇੱਕ ਡਿਪਲੋਮੈਟ ਸ਼ੁੱਕਰਵਾਰ ਰਾਤ ਨੂੰ ਅਮਰੀਕਾ ਤੋਂ ਰਵਾਨਾ ਹੋ ਗਿਆ, ਜਦਕਿ ਦੂਜੇ ਨੇ ਸ਼ਨੀਵਾਰ ਸਵੇਰੇ ਦੇਸ਼ ਛੱਡਿਆ। ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਵਾਸ਼ਿੰਗਟਨ ਅਤੇ ਤਹਿਰਾਨ ਵਿਚਾਲੇ ਕੂਟਨੀਤਕ ਗੱਲਬਾਤ ਵਿੱਚ ਤਣਾਅ ਵਧਿਆ ਹੋਇਆ ਹੈ। ਹਾਲਾਂਕਿ, ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਡਿਪਲੋਮੈਟਾਂ ਨੂੰ “ਕੱਢੇ ਜਾਣ” ਵਾਲੀ ਰਿਪੋਰਟ ਨੂੰ ਰੱਦ ਕੀਤਾ ਹੈ ਅਤੇ ਕਿਹਾ ਹੈ ਕਿ ਡੈਲੀਗੇਸ਼ਨ ਦੀ ਰਵਾਨਗੀ ਪਹਿਲਾਂ ਤੋਂ ਤੈਅ ਕਾਰਜਕ੍ਰਮ ਅਨੁਸਾਰ ਹੋਈ। ਦੋਵਾਂ ਦੇਸ਼ਾਂ ਵਿਚਾਲੇ ਵਧਦੇ ਤਣਾਅ ਕਾਰਨ ਇਹ ਮਾਮਲਾ ਕੂਟਨੀਤਕ ਸਬੰਧਾਂ ਲਈ ਇੱਕ ਹੋਰ ਵਿਵਾਦ ਦਾ ਕਾਰਨ ਬਣਿਆ ਹੈ।


