ਵਾਸ਼ਿੰਗਟਨ : ਆਪਣਾ ਪੰਜਾਬ ਮੀਡੀਆ : ਅਮਰੀਕੀ ਨਿਆਂ ਵਿਭਾਗ ਮੁਤਾਬਕ 51 ਸਾਲਾ ਐਸ਼ਟਨ ਹਾਮਿਦ ਐਲਾਬੂਡੀ (Ashton Hamed Ellaboudy) ਨੂੰ ਹੂਤੀ ਸੰਗਠਨ ਨੂੰ ਕਥਿਤ ਤੌਰ ’ਤੇ ਸਮੱਗਰੀ ਅਤੇ ਤਕਨੀਕੀ ਸਹਾਇਤਾ ਦੇਣ ਦੀ ਕੋਸ਼ਿਸ਼ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਐਲਾਬੂਡੀ ਵਾਸ਼ਿੰਗਟਨ ਦੇ ਰਿਚਲੈਂਡ ਦਾ ਵਸਨੀਕ ਹੈ ਅਤੇ ਅਮਰੀਕੀ ਊਰਜਾ ਵਿਭਾਗ ਦੇ ਹਨਫੋਰਡ ਫੀਲਡ ਆਫਿਸ ਵਿੱਚ ਇਲੈਕਟ੍ਰਿਕਲ ਇੰਜੀਨੀਅਰ ਵਜੋਂ ਕੰਮ ਕਰਦਾ ਸੀ। ਅਧਿਕਾਰੀਆਂ ਮੁਤਾਬਕ ਉਸ ’ਤੇ ਇੱਕ ਅਜਿਹੇ ਸੰਗਠਨ ਨੂੰ “ਮੈਟੀਰੀਅਲ ਸਪੋਰਟ” ਦੇਣ ਦੀ ਕੋਸ਼ਿਸ਼ ਦਾ ਦੋਸ਼ ਹੈ ਜਿਸ ਨੂੰ ਅਮਰੀਕਾ ਨੇ ਵਿਦੇਸ਼ੀ ਅੱਤਵਾਦੀ ਸੰਗਠਨ ਵਜੋਂ ਨਾਮਜ਼ਦ ਕੀਤਾ ਹੈ।
ਜਾਂਚ ਅਨੁਸਾਰ ਐਲਾਬੂਡੀ ਨੇ ਕਥਿਤ ਤੌਰ ’ਤੇ ਵਿਸਫੋਟਕ ਉਪਕਰਣਾਂ ਅਤੇ ਡਰੋਨਾਂ ਲਈ ਵਰਤੀ ਜਾ ਸਕਣ ਵਾਲੀ ਸਮੱਗਰੀ ਖਰੀਦੀ ਅਤੇ ਹੂਤੀਆਂ ਦੀ ਸੰਚਾਰ ਸਮਰੱਥਾ ਸੁਧਾਰਨ ਲਈ ਆਪਣੀ ਇਲੈਕਟ੍ਰਿਕਲ ਇੰਜੀਨੀਅਰਿੰਗ ਮਾਹਿਰਤਾ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ। ਅਧਿਕਾਰੀਆਂ ਦਾ ਦੋਸ਼ ਹੈ ਕਿ ਉਹ ਸਤੰਬਰ 2025 ਵਿੱਚ ਓਮਾਨ ਰਾਹੀਂ ਯਮਨ ਗਿਆ ਅਤੇ ਹੂਤੀ ਕੰਟਰੋਲ ਵਾਲੇ ਸਨਾ ਸ਼ਹਿਰ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ।
ਅਮਰੀਕੀ ਅਧਿਕਾਰੀਆਂ ਮੁਤਾਬਕ ਵਾਪਸੀ ’ਤੇ ਉਸ ਨੇ ਕਸਟਮ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਸਰਕਾਰੀ ਕੰਮ ਲਈ ਵਿਦੇਸ਼ ਗਿਆ ਸੀ, ਪਰ ਉਸ ਦੇ ਸੁਪਰਵਾਈਜ਼ਰ ਨੇ ਜਾਂਚਕਾਰਾਂ ਨੂੰ ਕਿਹਾ ਕਿ ਉਸ ਨੂੰ ਅਜਿਹੀ ਕਿਸੇ ਸਰਕਾਰੀ ਯਾਤਰਾ ਦੀ ਜਾਣਕਾਰੀ ਨਹੀਂ ਸੀ। ਜਾਂਚ ਦੌਰਾਨ ਉਸ ਨੇ ਕਥਿਤ ਤੌਰ ’ਤੇ ਇੱਕ ਐਫਬੀਆਈ ਗੁਪਤ ਸੂਤਰ ਨਾਲ ਵੀ ਸੰਪਰਕ ਕੀਤਾ, ਜੋ ਹੂਤੀ “ਕਰਨਲ” ਵਜੋਂ ਪੇਸ਼ ਕੀਤਾ ਗਿਆ ਸੀ।
ਐਲਾਬੂਡੀ ’ਤੇ ਲੱਗੇ ਦੋਸ਼ਾਂ ਵਿੱਚ ਵੱਧ ਤੋਂ ਵੱਧ 20 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਉਸ ਦੀ ਪਹਿਲੀ ਅਦਾਲਤੀ ਪੇਸ਼ੀ 2 ਅਕਤੂਬਰ 2026 ਨੂੰ ਰਿਚਲੈਂਡ ਵਿੱਚ ਹੋਣੀ ਹੈ। ਹਾਲਾਂਕਿ, ਨਿਆਂ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ ਸਿਰਫ਼ ਇਲਜ਼ਾਮ ਹਨ ਅਤੇ ਅਦਾਲਤ ਵਿੱਚ ਦੋਸ਼ ਸਾਬਤ ਹੋਣ ਤੱਕ ਮੁਲਜ਼ਮ ਨੂੰ ਬੇਕਸੂਰ ਮੰਨਿਆ ਜਾਂਦਾ ਹੈ।
51 ਸਾਲਾ ਅਮਰੀਕੀ ਊਰਜਾ ਵਿਭਾਗ ਦੇ ਕਰਮਚਾਰੀ ਨੂੰ ਹੂਤੀਆਂ ਦੀ ਮਦਦ ਦੇ ਦੋਸ਼ ’ਚ ਗ੍ਰਿਫ਼ਤਾਰ
Leave a Comment


