ਹਾਕੀ ਸੈਮੀਫਾਈਨਲ ’ਚ ਆਖਰੀ ਪਲਾਂ ’ਚ ਮਿਲੀ ਜਿੱਤ, ਹਰਮਨਪ੍ਰੀਤ ਸਿੰਘ ਨੇ ਕੀਤੇ ਦੋ ਗੋਲ
ਗਿਫੂ : ਆਪਣਾ ਪੰਜਾਬ ਮੀਡੀਆ : ਏਸ਼ੀਆਈ ਖੇਡਾਂ 2026 ਦੇ ਪੁਰਸ਼ ਹਾਕੀ ਸੈਮੀਫਾਈਨਲ ਵਿੱਚ ਭਾਰਤ ਨੇ ਪਾਕਿਸਤਾਨ ਨੂੰ 4-3 ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਗਿਫੂ ਪ੍ਰੀਫੈਕਚਰਲ ਗ੍ਰੀਨ ਸਟੇਡੀਅਮ ਵਿੱਚ ਖੇਡੇ ਗਏ ਮੁਕਾਬਲੇ ਵਿੱਚ ਭਾਰਤ ਨੇ ਸ਼ੁਰੂਆਤ ਤੋਂ ਬੜ੍ਹਤ ਬਣਾਈ, ਪਰ ਪਾਕਿਸਤਾਨ ਨੇ ਵਾਪਸੀ ਕਰਦਿਆਂ ਸਕੋਰ 3-3 ਕਰ ਦਿੱਤਾ।
ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ 5ਵੇਂ ਅਤੇ 13ਵੇਂ ਮਿੰਟ ਵਿੱਚ ਦੋ ਗੋਲ ਕੀਤੇ। ਇਸ ਤੋਂ ਬਾਅਦ ਸੁਖਜੀਤ ਸਿੰਘ ਨੇ 23ਵੇਂ ਮਿੰਟ ਵਿੱਚ ਭਾਰਤ ਦੀ ਬੜ੍ਹਤ 3-0 ਕਰ ਦਿੱਤੀ। ਪਾਕਿਸਤਾਨ ਵੱਲੋਂ ਅਬੂ ਮਹਿਮੂਦ ਨੇ 30ਵੇਂ, ਹੰਨਾਨ ਸ਼ਾਹਿਦ ਨੇ 45ਵੇਂ ਅਤੇ ਵਹੀਦ ਰਾਣਾ ਨੇ 49ਵੇਂ ਮਿੰਟ ਵਿੱਚ ਗੋਲ ਕਰਕੇ ਮੁਕਾਬਲਾ ਬਰਾਬਰੀ ’ਤੇ ਲਿਆ ਦਿੱਤਾ।
ਮੈਚ ਖ਼ਤਮ ਹੋਣ ਤੋਂ ਕਰੀਬ ਇੱਕ ਮਿੰਟ ਪਹਿਲਾਂ ਭਾਰਤ ਨੂੰ ਫੈਸਲਾਕੁਨ ਮੌਕਾ ਮਿਲਿਆ ਅਤੇ ਅਭਿਸ਼ੇਕ ਨੇ ਗੋਲ ਕਰਕੇ ਸਕੋਰ 4-3 ਕਰ ਦਿੱਤਾ। ਆਖਰੀ ਪਲਾਂ ਵਿੱਚ ਪਾਕਿਸਤਾਨ ਬਰਾਬਰੀ ਦਾ ਗੋਲ ਨਹੀਂ ਕਰ ਸਕਿਆ ਅਤੇ ਭਾਰਤ ਨੇ ਜਿੱਤ ਦਰਜ ਕਰਕੇ ਗੋਲਡ ਮੈਡਲ ਮੁਕਾਬਲੇ ਵਿੱਚ ਪ੍ਰਵੇਸ਼ ਕਰ ਲਿਆ। ਫਾਈਨਲ ਵਿੱਚ ਭਾਰਤ ਦਾ ਸਾਹਮਣਾ ਦੂਜੇ ਸੈਮੀਫਾਈਨਲ ਵਿੱਚ ਮਲੇਸ਼ੀਆ ਅਤੇ ਦੱਖਣੀ ਕੋਰੀਆ ਵਿਚੋਂ ਜੇਤੂ ਟੀਮ ਨਾਲ ਹੋਵੇਗਾ।


