ਵਿੱਤ ਮੰਤਰੀ ਨਾਲ ਮੀਟਿੰਗ ਮਗਰੋਂ 2 ਅਕਤੂਬਰ ਦਾ ਪ੍ਰਸਤਾਵਿਤ ਵਿਰੋਧ ਵਾਪਸ ਲਿਆ
ਨਵੀਂ ਦਿੱਲੀ : ਆਪਣਾ ਪੰਜਾਬ ਮੀਡੀਆ : ਆਲ ਇੰਡੀਆ ਮੋਬਾਈਲ ਰਿਟੇਲਰਜ਼ ਐਸੋਸੀਏਸ਼ਨ (AIMRA) ਅਤੇ ਆਲ ਇੰਡੀਆ ਕੰਜ਼ਿਊਮਰ ਪ੍ਰੋਡਕਟਸ ਡਿਸਟ੍ਰੀਬਿਊਟਰਜ਼ ਫੈਡਰੇਸ਼ਨ (AICPDF) ਨੇ 2 ਅਕਤੂਬਰ ਨੂੰ ਪ੍ਰਸਤਾਵਿਤ ‘ਨੋ ਯੂਪੀਆਈ ਡੇ’ ਵਿੱਚ ਸ਼ਾਮਲ ਨਾ ਹੋਣ ਦਾ ਫ਼ੈਸਲਾ ਕੀਤਾ ਹੈ। ਦੋਵੇਂ ਸੰਗਠਨਾਂ ਦੇ ਨੁਮਾਇੰਦਿਆਂ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਤੋਂ ਬਾਅਦ ਇਹ ਫ਼ੈਸਲਾ ਲਿਆ।
ਵਪਾਰੀ ਸੰਗਠਨਾਂ ਨੇ UPI ’ਤੇ ਪ੍ਰਸਤਾਵਿਤ ਮਰਚੈਂਟ ਡਿਸਕਾਊਂਟ ਰੇਟ (MDR) ਨੂੰ ਲੈ ਕੇ ਆਪਣੀਆਂ ਚਿੰਤਾਵਾਂ ਸਰਕਾਰ ਸਾਹਮਣੇ ਰੱਖੀਆਂ। ਉਨ੍ਹਾਂ ਨੇ MDR ਲਾਗੂ ਕਰਨ ਨੂੰ ਅੱਗੇ ਪਾਉਣ, ਇਸ ਨੂੰ ਪੜਾਅਵਾਰ ਲਾਗੂ ਕਰਨ ਅਤੇ ਇਸ ਦੀ ਸੀਮਾ ਵਧਾਉਣ ਸਮੇਤ ਕਈ ਸੁਝਾਅ ਦਿੱਤੇ। ਸਰਕਾਰ ਵੱਲੋਂ ਮੁੱਦਿਆਂ ’ਤੇ ਵਿਚਾਰ ਕਰਨ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਸੰਗਠਨਾਂ ਨੇ ਵਿਰੋਧ ਵਾਪਸ ਲੈ ਲਿਆ।
ਇਸ ਨਾਲ 2 ਅਕਤੂਬਰ ਨੂੰ ਇਨ੍ਹਾਂ ਸੰਗਠਨਾਂ ਵੱਲੋਂ UPI ਭੁਗਤਾਨ ਰੋਕਣ ਦੀ ਪਹਿਲਾਂ ਕੀਤੀ ਗਈ ਅਪੀਲ ਲਾਗੂ ਨਹੀਂ ਹੋਵੇਗੀ। ਹਾਲਾਂਕਿ UPI ਦੇ MDR ਨਾਲ ਜੁੜੇ ਮੁੱਦਿਆਂ ’ਤੇ ਸਰਕਾਰ ਅਤੇ ਵਪਾਰੀ ਸੰਗਠਨਾਂ ਵਿਚਾਲੇ ਗੱਲਬਾਤ ਜਾਰੀ ਰਹੇਗੀ।


