ਪਟਿਆਲਾ ਜੇਲ੍ਹ ’ਚ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਤੋਂ ਬਾਅਦ ਫ਼ੈਸਲਾ; ਪੰਜ ਸਿੰਘ ਸਾਹਿਬਾਨ ਦੀ ਜਲਦ ਇਕੱਤਰਤਾ ਹੋਣ ਦੀ ਸੰਭਾਵਨਾ
ਪਟਿਆਲਾ : ਆਪਣਾ ਪੰਜਾਬ ਮੀਡੀਆ : ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਰਾਜੋਆਣਾ ਦੀ ਸਿਹਤ, ਹਾਲਾਤ ਅਤੇ ਉਨ੍ਹਾਂ ਨਾਲ ਜੁੜੇ ਮਾਮਲਿਆਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਮੁਲਾਕਾਤ ਤੋਂ ਬਾਅਦ ਐਡਵੋਕੇਟ ਧਾਮੀ ਨੇ ਕਿਹਾ ਕਿ ਰਾਜੋਆਣਾ ਨਾਲ ਜੁੜੇ ਸਮੁੱਚੇ ਮਾਮਲੇ ਅਤੇ ਅਗਲੀ ਰਣਨੀਤੀ ਬਾਰੇ ਅੰਤਿਮ ਫ਼ੈਸਲਾ ਪੰਜ ਸਿੰਘ ਸਾਹਿਬਾਨ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਿੰਘ ਸਾਹਿਬਾਨ ਦੀ ਇਕੱਤਰਤਾ ਜਲਦ ਸੱਦੀ ਜਾਵੇਗੀ। ਜਥੇਦਾਰ ਗੜਗੱਜ ਨੇ ਦੱਸਿਆ ਕਿ ਰਾਜੋਆਣਾ ਨੇ ਆਪਣੇ ਮਾਮਲੇ ’ਤੇ ਜਲਦ ਫ਼ੈਸਲਾ ਕਰਨ ਦੀ ਗੱਲ ਰੱਖੀ ਹੈ ਅਤੇ ਉਨ੍ਹਾਂ ਕਿਹਾ ਕਿ ਉਹ ਆਪਣੇ ਮਾਮਲੇ ਵਿੱਚ ਕਿਸੇ ਫ਼ੈਸਲੇ ਦੀ ਉਡੀਕ ਕਰ ਰਹੇ ਹਨ।
ਐਡਵੋਕੇਟ ਧਾਮੀ ਨੇ ਕਿਹਾ ਕਿ ਰਾਜੋਆਣਾ ਲੰਬੇ ਸਮੇਂ ਤੋਂ ਜੇਲ੍ਹ ਵਿੱਚ ਬੰਦ ਹਨ ਅਤੇ ਉਨ੍ਹਾਂ ਨਾਲ ਸਬੰਧਤ ਮਾਮਲਾ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਕੋਲ ਵਿਚਾਰ ਅਧੀਨ ਹੈ। ਉਨ੍ਹਾਂ ਇਸਨੂੰ ਸਿਰਫ਼ ਇੱਕ ਵਿਅਕਤੀ ਦਾ ਮਾਮਲਾ ਨਾ ਦੱਸਦਿਆਂ ਬੰਦੀ ਸਿੰਘਾਂ ਨਾਲ ਜੁੜੇ ਵੱਡੇ ਮਸਲੇ ਦੇ ਸੰਦਰਭ ਵਿੱਚ ਰੱਖਿਆ। ਹੁਣ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਤੋਂ ਬਾਅਦ ਹੀ ਇਸ ਮਾਮਲੇ ਵਿੱਚ ਅਗਲੇ ਕਦਮ ਬਾਰੇ ਫ਼ੈਸਲਾ ਲਿਆ ਜਾਵੇਗਾ।


