ਦੱਖਣੀ ਅਤੇ ਮੱਧ ਏਸ਼ੀਆ ਦੇ 11 ਦੇਸ਼ਾਂ ਦੇ ਅਮਰੀਕੀ ਰਾਜਦੂਤਾਂ ਤੇ ਮਿਸ਼ਨ ਮੁਖੀਆਂ ਨੇ ਖੇਤਰੀ ਤਰਜੀਹਾਂ ’ਤੇ ਕੀਤੀ ਚਰਚਾ
ਨਵੀਂ ਦਿੱਲੀ : ਆਪਣਾ ਪੰਜਾਬ ਮੀਡੀਆ : ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਮੰਗਲਵਾਰ ਨੂੰ ਭਾਰਤ ਵਿੱਚ US Ambassadors Regional Conference ਦੀ ਮੇਜ਼ਬਾਨੀ ਕੀਤੀ। ਕਾਨਫਰੰਸ ਵਿੱਚ ਦੱਖਣੀ ਅਤੇ ਮੱਧ ਏਸ਼ੀਆਈ ਖੇਤਰ ਵਿੱਚ ਤਾਇਨਾਤ ਅਮਰੀਕੀ ਰਾਜਦੂਤਾਂ ਅਤੇ ਮਿਸ਼ਨ ਮੁਖੀਆਂ ਨੇ ਹਿੱਸਾ ਲਿਆ। ਮੀਟਿੰਗ ਦਾ ਉਦੇਸ਼ ਖੇਤਰੀ ਕੂਟਨੀਤਿਕ ਤਰਜੀਹਾਂ, ਰਣਨੀਤਕ ਮਾਮਲਿਆਂ, ਆਰਥਿਕ ਸਹਿਯੋਗ ਅਤੇ ਸੁਰੱਖਿਆ ਮੁੱਦਿਆਂ ਬਾਰੇ ਤਾਲਮੇਲ ਕਰਨਾ ਸੀ।
ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਵੀ ਇਸ ਕਾਨਫਰੰਸ ਨਾਲ ਵਰਚੁਅਲ ਤੌਰ ’ਤੇ ਜੁੜੇ। ਰੂਬਿਓ ਨੇ ਦੱਸਿਆ ਕਿ ਉਨ੍ਹਾਂ ਨੇ ਕਜ਼ਾਖਸਤਾਨ, ਕਿਰਗਿਜ਼ਸਤਾਨ, ਤਾਜਿਕਸਤਾਨ, ਤੁਰਕਮੇਨਿਸਤਾਨ, ਉਜ਼ਬੇਕਿਸਤਾਨ, ਬੰਗਲਾਦੇਸ਼, ਭਾਰਤ, ਮਾਲਦੀਵ, ਨੇਪਾਲ, ਪਾਕਿਸਤਾਨ ਅਤੇ ਸ੍ਰੀਲੰਕਾ ਵਿੱਚ ਤਾਇਨਾਤ ਅਮਰੀਕੀ ਰਾਜਦੂਤਾਂ ਅਤੇ ਮਿਸ਼ਨ ਮੁਖੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਅਮਰੀਕੀ ਰਾਜਦੂਤ ਖੇਤਰ ਵਿੱਚ ਅਮਰੀਕਾ ਨੂੰ “ਸੁਰੱਖਿਅਤ, ਮਜ਼ਬੂਤ ਅਤੇ ਵਧੇਰੇ ਖੁਸ਼ਹਾਲ” ਬਣਾਉਣ ਲਈ ਕੰਮ ਕਰ ਰਹੇ ਹਨ।
ਇਹ ਕਾਨਫਰੰਸ ਅਜਿਹੇ ਸਮੇਂ ਹੋਈ ਹੈ ਜਦੋਂ ਅਮਰੀਕਾ ਦੱਖਣੀ ਅਤੇ ਮੱਧ ਏਸ਼ੀਆ ਨਾਲ ਆਪਣੇ ਕੂਟਨੀਤਿਕ, ਆਰਥਿਕ ਅਤੇ ਸੁਰੱਖਿਆ ਸਬੰਧਾਂ ’ਤੇ ਧਿਆਨ ਦੇ ਰਿਹਾ ਹੈ। ਇਸ ਦੌਰਾਨ ਰਾਜਦੂਤ ਗੋਰ ਨੇ ਭਾਰਤ ਵਿੱਚ ਆਪਣੀਆਂ ਵੱਖ-ਵੱਖ ਯਾਤਰਾਵਾਂ ਵੀ ਕੀਤੀਆਂ ਹਨ। ਹਾਲ ਹੀ ਵਿੱਚ ਉਨ੍ਹਾਂ ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ, ਜਲ੍ਹਿਆਂਵਾਲਾ ਬਾਗ ਅਤੇ ਪਾਰਟੀਸ਼ਨ ਮਿਊਜ਼ੀਅਮ ਦਾ ਦੌਰਾ ਕੀਤਾ ਸੀ।


