ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਕਿਹਾ—ਚੋਣਾਂ ਤੋਂ ਪਹਿਲਾਂ ਹਮਲੇ ਦੀਆਂ ਸੂਚਨਾਵਾਂ ਮਿਲੀਆਂ; ਵਿਰੋਧੀ ਆਗੂ ਯਾਇਰ ਲਾਪਿਡ ਨੇ ਤੁਰੰਤ ਸੁਰੱਖਿਆ ਬ੍ਰੀਫਿੰਗ ਮੰਗੀ
ਤੇਲ ਅਵੀਵ : ਆਪਣਾ ਪੰਜਾਬ ਮੀਡੀਆ : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਦੇਸ਼ ਦੇ ਦੁਸ਼ਮਣ ਹਮਲਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਤੇਲ ਨੋਫ਼ ਏਅਰ ਫੋਰਸ ਬੇਸ ਤੋਂ ਜਾਰੀ ਵੀਡੀਓ ਸੰਦੇਸ਼ ਵਿੱਚ ਨੇਤਨਯਾਹੂ ਨੇ ਕਿਹਾ ਕਿ ਅਜਿਹੇ ਹਮਲੇ ਦੀਆਂ “ਸੂਚਨਾਵਾਂ” ਮਿਲੀਆਂ ਹਨ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਇਜ਼ਰਾਈਲ ਦੇ ਵਿਰੋਧੀਆਂ ਨੂੰ ਦੇਸ਼ ਨਾਲ “ਪੰਗਾ” ਨਹੀਂ ਲੈਣਾ ਚਾਹੀਦਾ ਅਤੇ ਇਜ਼ਰਾਈਲ ਦੀ “ਲੰਮੀ ਬਾਂਹ” ਕਿਸੇ ਵੀ ਥਾਂ ਅਤੇ ਕਿਸੇ ਵੀ ਸਮੇਂ ਪਹੁੰਚ ਸਕਦੀ ਹੈ।
ਨੇਤਨਯਾਹੂ ਨੇ ਆਪਣੇ ਬਿਆਨ ਵਿੱਚ ਇਹ ਸਪੱਸ਼ਟ ਨਹੀਂ ਕੀਤਾ ਕਿ ਸੰਭਾਵਿਤ ਹਮਲੇ ਦਾ ਖ਼ਤਰਾ ਕਿਸ ਧਿਰ ਵੱਲੋਂ ਹੈ। ਉਨ੍ਹਾਂ ਇਸ ਤੋਂ ਪਹਿਲਾਂ ਗਾਜ਼ਾ ਅਤੇ ਲੇਬਨਾਨ ਵਿੱਚ ਇਜ਼ਰਾਈਲੀ ਫੌਜੀ ਕਾਰਵਾਈਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਜ਼ਰਾਈਲ ’ਤੇ ਆਪਣੀਆਂ ਫੌਜੀ ਪ੍ਰਾਪਤੀਆਂ ਤੋਂ ਪਿੱਛੇ ਹਟਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹਾ ਹੋਣ ਨਹੀਂ ਦੇਣਗੇ।
ਇਸ ਬਿਆਨ ਤੋਂ ਬਾਅਦ ਇਜ਼ਰਾਈਲ ਦੇ ਵਿਰੋਧੀ ਆਗੂ ਯਾਇਰ ਲਾਪਿਡ ਨੇ ਨੇਤਨਯਾਹੂ ਤੋਂ ਤੁਰੰਤ ਸੁਰੱਖਿਆ ਬ੍ਰੀਫਿੰਗ ਦੀ ਮੰਗ ਕੀਤੀ। ਲਾਪਿਡ ਨੇ ਕਿਹਾ ਕਿ ਜੇਕਰ ਕੋਈ ਅਸਲ ਸੁਰੱਖਿਆ ਖ਼ਤਰਾ ਹੈ ਤਾਂ ਇਸ ਬਾਰੇ ਵਿਰੋਧੀ ਧਿਰ ਨੂੰ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਨੇਤਨਯਾਹੂ ਦੇ ਦਫ਼ਤਰ ਨੇ ਬਾਅਦ ਵਿੱਚ ਦੱਸਿਆ ਕਿ ਲਾਪਿਡ ਨੂੰ ਵੱਖ-ਵੱਖ ਮੋਰਚਿਆਂ ’ਤੇ ਸੰਭਾਵਿਤ ਹਮਲਿਆਂ ਸਬੰਧੀ ਖ਼ੁਫ਼ੀਆ ਜਾਣਕਾਰੀ ਬਾਰੇ ਬ੍ਰੀਫ਼ ਕੀਤਾ ਗਿਆ।
ਇਜ਼ਰਾਈਲ ਵਿੱਚ ਅਗਲੀਆਂ ਸੰਸਦੀ ਚੋਣਾਂ ਅਕਤੂਬਰ ਦੇ ਅੰਤ ਵਿੱਚ ਹੋਣੀਆਂ ਹਨ। ਚੋਣਾਂ ਤੋਂ ਪਹਿਲਾਂ ਸੁਰੱਖਿਆ ਖ਼ਤਰੇ ਬਾਰੇ ਨੇਤਨਯਾਹੂ ਦੇ ਬਿਆਨ ’ਤੇ ਸਿਆਸੀ ਚਰਚਾ ਵੀ ਤੇਜ਼ ਹੋ ਗਈ ਹੈ। ਵਿਰੋਧੀ ਧਿਰ ਨੇ ਸੁਰੱਖਿਆ ਮਾਮਲਿਆਂ ਨੂੰ ਚੋਣ ਮੁਹਿੰਮ ਨਾਲ ਨਾ ਜੋੜਨ ਦੀ ਅਪੀਲ ਕੀਤੀ ਹੈ, ਜਦਕਿ ਸਰਕਾਰ ਦਾ ਕਹਿਣਾ ਹੈ ਕਿ ਸੰਭਾਵਿਤ ਖ਼ਤਰਿਆਂ ਬਾਰੇ ਸੁਰੱਖਿਆ ਅਧਿਕਾਰੀਆਂ ਵੱਲੋਂ ਮੁਲਾਂਕਣ ਕੀਤਾ ਜਾ ਰਿਹਾ ਹੈ।


