ਕਾਰਜਕਾਲ ਪੂਰਾ ਹੋਣ ’ਤੇ ਭਾਰਤ ਵਾਪਸੀ ਤੋਂ ਪਹਿਲਾਂ ਮੁਲਾਕਾਤ; ਨੇਪਾਲ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੀ ਆਫ਼ਤ ਰਾਹਤ ਸਹਾਇਤਾ ਲਈ ਕੀਤਾ ਧੰਨਵਾਦ
ਕਾਠਮੰਡੂ : ਆਪਣਾ ਪੰਜਾਬ ਮੀਡੀਆ : ਨੇਪਾਲ ਵਿੱਚ ਭਾਰਤ ਦੇ ਰਾਜਦੂਤ ਨਵੀਨ ਸ੍ਰੀਵਾਸਤਵ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਨਾਲ ਵਿਦਾਈ ਮੁਲਾਕਾਤ ਕੀਤੀ। ਸਿੰਘ ਦਰਬਾਰ ਸਥਿਤ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਹੋਈ ਇਸ ਬੈਠਕ ਦੌਰਾਨ ਸ਼ਾਹ ਨੇ ਕਿਹਾ ਕਿ ਨੇਪਾਲ ਅਤੇ ਭਾਰਤ ਦੇ ਸਬੰਧ ਲੰਬੇ ਸਮੇਂ ਤੋਂ ਸੁਹਿਰਦ ਅਤੇ ਡੂੰਘੇ ਰਹੇ ਹਨ। ਉਨ੍ਹਾਂ ਸ੍ਰੀਵਾਸਤਵ ਦੇ ਸਫਲ ਕਾਰਜਕਾਲ ’ਤੇ ਵਧਾਈ ਦਿੰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰਧਾਨ ਮੰਤਰੀ ਸ਼ਾਹ ਨੇ ਹਾਲੀਆ ਹੜ੍ਹਾਂ, ਜ਼ਮੀਨ ਖਿਸਕਣ ਅਤੇ ਹੋਰ ਕੁਦਰਤੀ ਆਫ਼ਤਾਂ ਦੌਰਾਨ ਭਾਰਤ ਵੱਲੋਂ ਕੀਤੀ ਖੋਜ, ਬਚਾਅ ਅਤੇ ਮਨੁੱਖੀ ਸਹਾਇਤਾ ਲਈ ਭਾਰਤ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ। ਨਵੀਨ ਸ੍ਰੀਵਾਸਤਵ ਨੇ ਵੀ ਆਪਣੇ ਕਾਰਜਕਾਲ ਦੌਰਾਨ ਨੇਪਾਲ ਸਰਕਾਰ ਅਤੇ ਲੋਕਾਂ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ।
ਸ੍ਰੀਵਾਸਤਵ ਨੇ ਦੱਸਿਆ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਕਈ ਵਿਕਾਸ ਪ੍ਰਾਜੈਕਟ ਪੂਰੇ ਹੋਏ। ਉਹ 25 ਜੂਨ 2022 ਨੂੰ ਨੇਪਾਲ ਵਿੱਚ ਭਾਰਤ ਦੇ ਰਾਜਦੂਤ ਵਜੋਂ ਤਾਇਨਾਤ ਹੋਏ ਸਨ ਅਤੇ ਹੁਣ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਭਾਰਤ ਵਾਪਸ ਪਰਤ ਰਹੇ ਹਨ।


