ਕਾਂਗਰਸ ਵਿੱਚ ਵਾਪਸੀ ਦੀ ਸੰਭਾਵਨਾ ਤੋਂ ਇਨਕਾਰ; ਮੁੱਖ ਮੰਤਰੀ ਦੀ ਦੌੜ ’ਚੋਂ ਬਾਹਰ ਹੋਣ ਦਾ ਦਾਅਵਾ
ਚੰਡੀਗੜ੍ਹ : ਆਪਣਾ ਪੰਜਾਬ ਮੀਡੀਆ : ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਭਾਜਪਾ ਨਾਲ ਚਾਰ ਸਾਲਾਂ ਵਿੱਚ ਉਨ੍ਹਾਂ ਨੂੰ ‘ਅਸਲ ’ਚ ਕੁਝ ਵੀ ਹਾਸਲ ਨਹੀਂ ਹੋਇਆ’ ਪਰ ਕਾਂਗਰਸ ਵਿੱਚ ਮੁੜ ਸ਼ਾਮਲ ਹੋਣ ਦੀ ਵੀ ਉਨ੍ਹਾਂ ਦੀ ਕੋਈ ਯੋਜਨਾ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਚੋਣਾਂ ਲੜਨ ਦੇ ਉਨ੍ਹਾਂ ਦੇ ਦਿਨ ਹੁਣ ‘ਅਸਰਦਾਰ ਢੰਗ ਨਾਲ ਖ਼ਤਮ’ ਹੋ ਚੁੱਕੇ ਹਨ।
2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੀਡੀਆ ਨਾਲ ਇਕ ਵਿਆਪਕ ਇੰਟਰਵਿਊ ਵਿੱਚ 84 ਸਾਲਾ ਸੀਨੀਅਰ ਭਾਜਪਾ ਆਗੂ ਨੇ ਭਾਜਪਾ ਵਿੱਚ ਆਪਣੇ ਸਫ਼ਰ ਬਾਰੇ ਬੇਬਾਕੀ ਨਾਲ ਗੱਲ ਕੀਤੀ। ਉਹ ਸਤੰਬਰ 2022 ਵਿੱਚ ਭਾਜਪਾ ’ਚ ਸ਼ਾਮਲ ਹੋਏ ਸਨ। ਉਨ੍ਹਾਂ ਕਿਹਾ, “ਜਿੱਥੋਂ ਤੱਕ ਇਸ ਗੱਲ ਦਾ ਸਵਾਲ ਹੈ ਕਿ ਮੈਂ ਚਾਰ ਸਾਲਾਂ ਵਿੱਚ ਕੀ ਖੱਟਿਆ ਹੈ, ਅਸਲ ਵਿੱਚ ਕੁਝ ਨਹੀਂ। ਜੇ ਤੁਸੀਂ ਕਿਸੇ ਪਾਰਟੀ ਵਿੱਚ ਸ਼ਾਮਲ ਹੁੰਦੇ ਹੋ, ਤਾਂ ਤੁਸੀਂ ਉਮੀਦ ਕਰਦੇ ਹੋ ਕਿ ਤੁਹਾਡੇ ਨਾਲ ਸਲਾਹ ਕੀਤੀ ਜਾਵੇਗੀ, ਖ਼ਾਸ ਕਰ ਕੇ ਉਸ ਵਿਅਕਤੀ ਨਾਲ ਜਿਸ ਨੇ ਪੰਜਾਬ ਨੂੰ ਸਮਝਣ ਵਿੱਚ ਲਗਪਗ 60 ਸਾਲ ਬਿਤਾਏ ਹਨ। ਮੈਂ ਇਹ ਦਾਅਵਾ ਨਹੀਂ ਕਰ ਰਿਹਾ ਕਿ ਪੰਜਾਬ ਬਾਰੇ ਮੇਰੇ ਕੋਲ ਸਾਰੇ ਜਵਾਬ ਹਨ, ਪਰ ਮੈਂ ਇਸ ਸੂਬੇ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ।


