ਆਪਣਾ ਪੰਜਾਬ ਮੀਡੀਆ : ਤਾਮਿਲਨਾਡੂ ਦੇ ਮੁੱਖ ਮੰਤਰੀ ਸੀ ਜੋਸਫ਼ ਵਿਜੈ ਨੇ ਅੱਜ ਸਾਬਕਾ ਮੁੱਖ ਮੰਤਰੀ ਅਤੇ ਡੀ ਐੱਮ ਕੇ ਮੁਖੀ ਐੱਮ ਕੇ ਸਟਾਲਿਨ ਨਾਲ ਉਨ੍ਹਾਂ ਦੀ ਅਲਵਰਪੇਟ ਸਥਿਤ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਇਹ ਮੁਲਾਕਾਤ ਸਰਕਾਰ ਦੇ ਵਿਧਾਨ ਸਭਾ ’ਚ ਭਰੋਸਗੀ ਮਤੇ ਤੋਂ ਕੁਝ ਦਿਨ ਪਹਿਲਾਂ ਹੋਈ ਹੈ। ਚੋਣਾਂ ਜਿੱਤਣ ਅਤੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਵਿਜੈ ਦੀ ਸਟਾਲਿਨ ਨਾਲ ਇਹ ਪਹਿਲੀ ਮੁਲਾਕਾਤ ਹੈ ਜਿਸ ਨੂੰ ਸਰਕਾਰੀ ਸੂਤਰਾਂ ਨੇ ‘ਸ਼ਿਸ਼ਟਾਚਾਰ ਵਜੋਂ ਮਿਲਣੀ’ ਦੱਸਿਆ ਹੈ।
ਇਹ ਮੁਲਾਕਾਤ ਵਿਜੈ ਵੱਲੋਂ ਪਿਛਲੀ ਡੀ ਐੱਮ ਕੇ ਸਰਕਾਰ ਦੀ ਸਖ਼ਤ ਆਲੋਚਨਾ ਕਰਨ ਤੋਂ ਇੱਕ ਦਿਨ ਬਾਅਦ ਹੋਈ ਹੈ। ਵਿਜੈ ਨੇ ਚੋਣ ਪ੍ਰਚਾਰ ਦੌਰਾਨ ਸੂਬੇ ਸਿਰ 10 ਲੱਖ ਕਰੋੜ ਰੁਪਏ ਦੇ ਕਰਜ਼ੇ ਦੇ ਬੋਝ ਲਈ ਡੀ ਐੱਮ ਕੇ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਉਦੈਨਿਧੀ ਨੇ ਹੱਥ ਮਿਲਾ ਕੇ ਅਤੇ ਗਲਵੱਕੜੀ ਪਾ ਕੇ ਵਿਜੈ ਦਾ ਸਵਾਗਤ ਕੀਤਾ। ਸਟਾਲਿਨ ਅਤੇ ਵਿਜੈ ਨੇ ਇੱਕ-ਦੂਜੇ ਨੂੰ ਰੇਸ਼ਮੀ ਸ਼ਾਲਾਂ ਅਤੇ ਗੁਲਦਸਤੇ ਭੇਟ ਕੀਤੇ। ਉਦੈਨਿਧੀ ਨੇ ਵਿਜੈ ਨੂੰ ਡੀ ਐੱਮ ਕੇ ਦੇ 75 ਸਾਲਾਂ ਦੇ ਸਿਆਸੀ ਸਫ਼ਰ ’ਤੇ ਆਧਾਰਿਤ ਕਿਤਾਬ ਤੋਹਫ਼ੇ ਵਜੋਂ ਦਿੱਤੀ। ਸਟਾਲਿਨ ਨੂੰ ਮਿਲਣ ਮਗਰੋਂ ਵਿਜੈ ਨੇ ਐੱਮ ਡੀ ਐੱਮ ਕੇ ਦੇ ਬਾਨੀ ਵਾਇਕੋ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ।

