ਆਪਣਾ ਪੰਜਾਬ ਮੀਡੀਆ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਚੱਲ ਰਹੀ ਗੱਲਬਾਤ ਤੋਂ ਸੰਤੁਸ਼ਟ ਨਹੀਂ ਹਨ ਅਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਅਮਰੀਕਾ ਕਿਸੇ ਵੀ ਕੀਮਤ ’ਤੇ ਇਰਾਨ ਨੂੰ ਪ੍ਰਮਾਣੂ ਹਥਿਆਰ ਹਾਸਲ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ। ਹਾਲਾਂਕਿ ਉਨ੍ਹਾਂ ਜੰਗ ਵਰਗੇ ਹਾਲਾਤਾਂ ਤੋਂ ਬਚਣ ਲਈ ਇਰਾਨ ਨੂੰ ਹੋਰ ਸਮਾਂ ਦੇਣ ਅਤੇ ਕੂਟਨੀਤਿਕ ਗੱਲਬਾਤ ਜਾਰੀ ਰੱਖਣ ਦੇ ਸੰਕੇਤ ਦਿੱਤੇ ਹਨ।
ਟਰੰਪ ਨੇ ਟੈਕਸਾਸ ਵਿੱਚ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਇਰਾਨ ਨੂੰ “ਖ਼ਤਰਨਾਕ ਅਤੇ ਜ਼ਿੱਦੀ ਦੇਸ਼” ਕਰਾਰ ਦਿੱਤਾ ਅਤੇ ਕਿਹਾ ਕਿ ਅਮਰੀਕਾ ਇਸ ਸਮੇਂ ਇਕ ਅਹਿਮ ਫੈਸਲੇ ਦੇ ਮੋੜ ’ਤੇ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਇਰਾਨ ਦੇ ਪਿਛਲੇ ਕਈ ਦਹਾਕਿਆਂ ਦੇ ਰਵੱਈਏ ਨੇ ਖੇਤਰ ਵਿੱਚ ਅਸਥਿਰਤਾ ਅਤੇ ਹਿੰਸਾ ਨੂੰ ਵਧਾਇਆ ਹੈ। ਟਰੰਪ ਮੁਤਾਬਕ, ਅਮਰੀਕਾ ਆਪਣੀ ਸੁਰੱਖਿਆ ਅਤੇ ਸਾਥੀ ਦੇਸ਼ਾਂ ਦੀ ਰੱਖਿਆ ਲਈ ਹਰ ਸੰਭਵ ਕਦਮ ਚੁੱਕਣ ਲਈ ਤਿਆਰ ਹੈ, ਪਰ ਉਹ ਮਸਲੇ ਦਾ ਹੱਲ ਸ਼ਾਂਤੀਪੂਰਨ ਤਰੀਕੇ ਨਾਲ ਕਰਨਾ ਚਾਹੁੰਦੇ ਹਨ।
ਜਨੇਵਾ ਵਿੱਚ ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੀ ਕੂਟਨੀਤਿਕ ਗੱਲਬਾਤ ਨੂੰ ਲੈ ਕੇ ਟਰੰਪ ਨੇ ਕਿਹਾ ਕਿ ਕੋਈ ਵੀ ਸਮਝੌਤਾ ਉਦੋਂ ਹੀ ਕੀਤਾ ਜਾਵੇਗਾ ਜਦੋਂ ਉਹ ਅਸਲ ਨਤੀਜੇ ਦੇਵੇ ਅਤੇ ਇਰਾਨ ਦੀ ਪ੍ਰਮਾਣੂ ਸਮਰੱਥਾ ’ਤੇ ਸਪੱਸ਼ਟ ਨਿਯੰਤਰਣ ਹੋਵੇ। ਉਨ੍ਹਾਂ ਇਹ ਵੀ ਦੱਸਿਆ ਕਿ ਮੱਧ ਪੂਰਬ ਵਿੱਚ ਤਣਾਅ ਕਾਫੀ ਵੱਧ ਗਿਆ ਹੈ ਅਤੇ ਅਮਰੀਕਾ ਨੇ ਖੇਤਰ ਵਿੱਚ ਆਪਣੀ ਫੌਜੀ ਮੌਜੂਦਗੀ ਵਧਾਈ ਹੈ, ਤਾਂ ਜੋ ਸੰਭਾਵੀ ਖ਼ਤਰੇ ਦਾ ਮੁਕਾਬਲਾ ਕੀਤਾ ਜਾ ਸਕੇ।
ਇਸਦੇ ਨਾਲ ਹੀ ਪੱਛਮੀ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਇਰਾਨ ਅਤੇ ਨੇੜਲੇ ਇਲਾਕਿਆਂ ਤੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਹੈ। ਇਜ਼ਰਾਈਲ ਵਿੱਚ ਅਮਰੀਕੀ ਦੂਤਾਵਾਸ ਨੇ ਆਪਣੇ ਗੈਰ-ਜ਼ਰੂਰੀ ਸਟਾਫ਼ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦੇਸ਼ ਛੱਡਣ ਦੀ ਇਜਾਜ਼ਤ ਦੇ ਦਿੱਤੀ ਹੈ। ਅਮਰੀਕੀ ਅੰਬੈਸਡਰ ਮਾਈਕ ਹਕਾਬੀ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਹੋਰ ਗੰਭੀਰ ਹੋ ਸਕਦੇ ਹਨ ਅਤੇ ਯਾਤਰਾ ਮੁਸ਼ਕਲ ਹੋ ਸਕਦੀ ਹੈ।
ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਜਲਦ ਹੀ ਇਜ਼ਰਾਈਲ ਦਾ ਦੌਰਾ ਕਰਨਗੇ, ਜਿੱਥੇ ਉਹ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਇਰਾਨ, ਲਿਬਨਾਨ ਅਤੇ ਗਾਜ਼ਾ ਦੀ ਸੁਰੱਖਿਆ ਸਥਿਤੀ ’ਤੇ ਚਰਚਾ ਕਰਨਗੇ। ਰੂਬੀਓ ਨੇ ਇਰਾਨ ’ਤੇ ਅਮਰੀਕੀ ਨਾਗਰਿਕਾਂ ਨੂੰ ਗਲਤ ਤਰੀਕੇ ਨਾਲ ਹਿਰਾਸਤ ਵਿੱਚ ਰੱਖਣ ਦੇ ਦੋਸ਼ ਵੀ ਲਗਾਏ ਹਨ ਅਤੇ ਇਰਾਨ ਦੀ ਯਾਤਰਾ ’ਤੇ ਹੋਰ ਪਾਬੰਦੀਆਂ ਲਗਾਉਣ ਦੇ ਸੰਕੇਤ ਦਿੱਤੇ ਹਨ।
ਇਸ ਦਰਮਿਆਨ ਓਮਾਨ ਵਰਗੇ ਵਿਚੋਲੇ ਦੇਸ਼ਾਂ ਨੇ ਅਮਰੀਕਾ ਅਤੇ ਇਰਾਨ ਦੋਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਬਰ ਨਾਲ ਗੱਲਬਾਤ ਜਾਰੀ ਰੱਖਣ ਅਤੇ ਖੇਤਰ ਨੂੰ ਜੰਗ ਤੋਂ ਬਚਾਇਆ ਜਾਵੇ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਗੱਲਬਾਤ ਅਸਫਲ ਰਹੀ ਤਾਂ ਮੱਧ ਪੂਰਬ ਵਿੱਚ ਤਣਾਅ ਹੋਰ ਵਧ ਸਕਦਾ ਹੈ, ਜਿਸਦਾ ਅਸਰ ਗਲੋਬਲ ਸੁਰੱਖਿਆ ਅਤੇ ਊਰਜਾ ਬਾਜ਼ਾਰਾਂ ’ਤੇ ਵੀ ਪੈ ਸਕਦਾ ਹੈ।

