ਆਪਣਾ ਪੰਜਾਬ ਮੀਡੀਆ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਕੈਬਨਿਟ ਵੱਲੋਂ “ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਬਿੱਲ 2026” ਨੂੰ ਪ੍ਰਵਾਨ ਕੀਤੇ ਜਾਣ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਇਸ ਸਬੰਧੀ ਮੀਡੀਆ ਨੂੰ ਦਿੱਤੀ ਜਾਣਕਾਰੀ ਅਸਪੱਸ਼ਟਤਾ ਵਾਲੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇੰਝ ਜਾਪਦਾ ਹੈ ਕਿ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿੱਲ ਬਾਰੇ ਕੈਬਨਿਟ ਮੰਤਰੀ ਚੀਮਾ ਨੂੰ ਆਪ ਵੀ ਪੂਰੀ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਇਸ ਬਿੱਲ ਨੂੰ ਬਿਲਕੁਲ ਨਵਾਂ ਦੱਸ ਰਹੇ ਹਨ, ਜਦਕਿ ‘‘ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2008’’ ਪਹਿਲਾਂ ਹੀ ਮੌਜੂਦ ਹੈ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਨਾਲ ਸਬੰਧਤ ਹੈ।
ਉਨ੍ਹਾਂ ਸੁਆਲ ਕੀਤਾ ਕਿ ਕੀ ਸਰਕਾਰ ਉਸ ਵਿੱਚ ਸੋਧ ਕਰ ਰਹੀ ਹੈ ਜਾਂ ਬੇਅਦਬੀ ਬਾਰੇ ਨਵਾਂ ਕਾਨੂੰਨ ਬਣਾਇਆ ਜਾ ਰਿਹਾ ਹੈ। ਇਹ ਦੁਬਿਧਾ ਸੰਗਤ ਅੰਦਰ ਭਰਮ ਪੈਦਾ ਕਰਦੀ ਹੈ। ਧਾਮੀ ਨੇ ਕਿਹਾ ਕਿ ਹਰਪਾਲ ਸਿੰਘ ਚੀਮਾ ਦੀ ਸ਼੍ਰੋਮਣੀ ਕਮੇਟੀ ਬਾਰੇ ਕੀਤੀ ਟਿੱਪਣੀ ਵੀ ਤੱਥਾਂ ਤੋਂ ਦੂਰ ਹੈ। ਉਨ੍ਹਾਂ ਕਿਹਾ ਕਿ ਹਕੀਕਤ ਤਾਂ ਇਹ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ ਉੱਚ ਪੱਧਰੀ ਕਮੇਟੀ ਨੇ ਸਰਕਾਰੀ ਕਮੇਟੀ ਅਤੇ ਸੂਬਾ ਸਰਕਾਰ ਤੱਕ ਕਈ ਵਾਰ ਪਹੁੰਚ ਕੀਤੀ ਪਰ ਸਰਕਾਰ ਵੱਲੋਂ ਕੋਈ ਹੁੰਗਾਰਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਸਮੇਂ ਲਿਖੇ ਗਏ ਪੱਤਰ ਪਿਛਲੇ ਦਿਨੀਂ ਮੀਡੀਆ ਨੂੰ ਵੀ ਦਿੱਤੇ ਗਏ ਸਨ।

