ਆਪਣਾ ਪੰਜਾਬ ਮੀਡੀਆ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਦਾ ਦਿੱਲੀ ਹਵਾਈ ਅੱਡੇ ’ਤੇ ਸਵਾਗਤ ਕੀਤਾ। ਦੋਵੇਂ ਆਗੂ ਇੱਕੋ ਗੱਡੀ ਵਿੱਚ ਸਵਾਰ ਹੋ ਕੇ ਪ੍ਰਧਾਨ ਮੰਤਰੀ ਨਿਵਾਸ ਪਹੁੰਚੇ, ਜਿੱਥੇ ਉਨ੍ਹਾਂ ਵਿਚਕਾਰ ਰੱਖਿਆ, ਊਰਜਾ, ਪੁਲਾੜ (Space) ਅਤੇ ਸਿਵਲ ਪਰਮਾਣੂ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਵਿਸਥਾਰਪੂਰਵਕ ਚਰਚਾ ਹੋਈ।
ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਇਸ ਦੌਰੇ ਨੂੰ ਬੇਹੱਦ ਸਾਰਥਕ ਦੱਸਿਆ ਹੈ। ਦੋਵਾਂ ਦੇਸ਼ਾਂ ਨੇ ਸਾਲ 2032 ਤੱਕ ਸਾਲਾਨਾ ਵਪਾਰ ਨੂੰ 200 ਅਰਬ ਡਾਲਰ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਹੈ। ਦੱਸਣਯੋਗ ਹੈ ਕਿ 2023-24 ਵਿੱਚ ਇਹ ਵਪਾਰ 84 ਅਰਬ ਡਾਲਰ ਸੀ। ਭਾਰਤ ਅਤੇ ਯੂਏਈ ਵਿਚਕਾਰ ਹਰ ਸਾਲ 0.5 ਮਿਲੀਅਨ ਮੀਟ੍ਰਿਕ ਟਨ LNG ਦੀ ਸਪਲਾਈ ਲਈ ਲੰਬੇ ਸਮੇਂ ਦਾ ਸਮਝੌਤਾ ਹੋਇਆ ਹੈ। ਦੋਵੇਂ ਦੇਸ਼ ਵੱਡੇ ਅਤੇ ਛੋਟੇ ਮਾਡਿਊਲਰ ਪਰਮਾਣੂ ਰਿਐਕਟਰਾਂ ਦੇ ਵਿਕਾਸ ਲਈ ਮਿਲ ਕੇ ਕੰਮ ਕਰਨਗੇ। ਭਾਰਤ ਵਿੱਚ ਯੂਏਈ ਦੇ ਸਹਿਯੋਗ ਨਾਲ ਇੱਕ ‘ਸੁਪਰ ਕੰਪਿਊਟਿੰਗ ਕਲੱਸਟਰ’ ਸਥਾਪਤ ਕੀਤਾ ਜਾਵੇਗਾ ਅਤੇ ਡੇਟਾ ਸੈਂਟਰਾਂ ਵਿੱਚ ਨਿਵੇਸ਼ ਵਧਾਇਆ ਜਾਵੇਗਾ।ਯੂਏਈ ਗੁਜਰਾਤ ਦੇ ਧੋਲੇਰਾ ਵਿਸ਼ੇਸ਼ ਨਿਵੇਸ਼ ਖੇਤਰ ਦੇ ਵਿਕਾਸ ਵਿੱਚ ਹਿੱਸਾ ਲਵੇਗਾ। ਇਸ ਪ੍ਰੋਜੈਕਟ ਵਿੱਚ ਇੱਕ ਕੌਮਾਂਤਰੀ ਹਵਾਈ ਅੱਡਾ, ਪਾਇਲਟ ਸਿਖਲਾਈ ਸਕੂਲ, ਸਮਾਰਟ ਅਰਬਨ ਟਾਊਨਸ਼ਿਪ ਅਤੇ ਗ੍ਰੀਨਫੀਲਡ ਬੰਦਰਗਾਹ ਵਰਗੇ ਵੱਡੇ ਪ੍ਰੋਜੈਕਟ ਸ਼ਾਮਲ ਹਨ।

