ਰਸੋਈ ਗੈਸ ਦੀ ਬੁਕਿੰਗ ਦਰ ਵਿੱਚ ਆਈ ਗਿਰਾਵਟ

News Online
2 Min Read

ਆਪਣਾ ਪੰਜਾਬ ਮੀਡੀਆ : ਕੇਂਦਰ ਸਰਕਾਰ ਨੇ ਕਿਹਾ ਹੈ ਕਿ ਦੇਸ਼ ’ਚ ਰਸੋਈ ਗੈਸ ਦੀ ਕੋਈ ਕਿੱਲਤ ਨਹੀਂ ਹੈ ਅਤੇ ਹੁਣ ਐੱਲ ਪੀ ਜੀ ਸਿਲੰਡਰਾਂ ਦੀ ਬੁਕਿੰਗ ਵੀ ਘਟਦੀ ਜਾ ਰਹੀ ਹੈ। ਪੱਛਮੀ ਏਸ਼ੀਆ ’ਚ ਜੰਗ ਦੌਰਾਨ ਰਸੋਈ ਗੈਸ ਦੀ ਕਾਲਾਬਾਜ਼ਾਰੀ ਮਗਰੋਂ ਦੇਸ਼ ’ਚ ਐੱਲ ਪੀ ਜੀ ਦਾ ਕਥਿਤ ਤੌਰ ’ਤੇ ਸੰਕਟ ਪੈਦਾ ਹੋ ਗਿਆ ਸੀ। ਲੋਕਾਂ ’ਚ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ ਸੀ ਅਤੇ ਸਰਕਾਰ ਨੇ ਲੋਕਾਂ ਨੂੰ ਕਿਹਾ ਸੀ ਕਿ ਉਹ ਘਬਰਾ ਕੇ ਗੈਸ ਸਿਲੰਡਰਾਂ ਦੀ ਵਾਧੂ ਬੁਕਿੰਗ ਨਾ ਕਰਾਉਣ। ਹੁਣ ਕੇਂਦਰ ਨੇ ਕਿਹਾ ਹੈ ਕਿ ਦੇਸ਼ ’ਚ ਕਿਸੇ ਵੀ ਐੱਲ ਪੀ ਜੀ ਡਿਸਟ੍ਰੀਬਿਊਟਰਸ਼ਿਪ ’ਚ ਗੈਸ ਸਪਲਾਈ ਦੀ ਕਿੱਲਤ ਬਾਰੇ ਕੋਈ ਸੂਚਨਾ ਨਹੀਂ ਹੈ।

ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ 13 ਮਾਰਚ ਨੂੰ 88.8 ਲੱਖ ਸਿਲੰਡਰਾਂ ਦੀ ਬੁਕਿੰਗ ਦੇ ਮੁਕਾਬਲੇ ਸ਼ਨਿਚਰਵਾਰ ਨੂੰ ਕਰੀਬ 77 ਲੱਖ ਬੁਕਿੰਗਾਂ ਹੋਈਆਂ ਹਨ। ਕਈ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਕਮਰਸ਼ੀਅਲ ਐੱਲ ਪੀ ਜੀ ਦੀ ਵੰਡ ਦੇ ਹੁਕਮ ਜਾਰੀ ਕੀਤੇ ਹਨ। ਮੰਤਰਾਲੇ ਨੇ ਕਿਹਾ ਕਿ ਕਮਰਸ਼ੀਅਲ ਐੱਲ ਪੀ ਜੀ ਸਿਲੰਡਰ 30 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਉਪਲੱਬਧ ਹਨ। ਵੱਡੇ ਸ਼ਹਿਰਾਂ ’ਚ ਕਮਰਸ਼ੀਅਲ ਐੱਲ ਪੀ ਜੀ ਖ਼ਪਤਕਾਰਾਂ ਨੂੰ ਪੀ ਐੱਨ ਜੀ ਕੁਨੈਕਸ਼ਨ ਦਾ ਬਦਲ ਅਪਣਾਉਣ ਲਈ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਅਤੇ ਉਹ ਈਮੇਲ, ਪੱਤਰ ਜਾਂ ਸਿਟੀ ਗੈਸ ਡਿਸਟ੍ਰੀਬਿਊਸ਼ਨ ਕੰਪਨੀਆਂ ਦੇ ਖ਼ਪਤਕਾਰ ਪੋਰਟਲਾਂ ਰਾਹੀਂ ਅਪਲਾਈ ਕਰ ਸਕਦੇ ਹਨ। ਮੰਤਰਾਲੇ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦਾ ਵੀ ਢੁੱਕਵਾਂ ਭੰਡਾਰ ਹੈ ਅਤੇ ਇਸ ਦੀ ਨਿਯਮਤ ਤੌਰ ’ਤੇ ਸਪਲਾਈ ਜਾਰੀ ਹੈ।

Share This Article
Leave a Comment

Leave a Reply