ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਵੱਲੋਂ ਸਿੱਖ ਗੁਰੂਆਂ ਦਾ ਕਥਿਤ ਨਿਰਾਦਰ ਕਰਨ ਵਾਲੀ ਵੀਡੀਓ ਦੀ ਫੋਰੈਂਸਿਕ ਸਾਇੰਸ ਲੈਬਾਰਟਰੀ (FSL) ਰਿਪੋਰਟ ਆ ਗਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਇਹ ਕਲਿੱਪ ਅਸਲੀ ਹੈ ਅਤੇ ਇਸ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ।
ਦਿੱਲੀ ‘ਆਪ’ ਦੇ ਪ੍ਰਧਾਨ ਸੌਰਭ ਭਾਰਦਵਾਜ ਨੇ ਇਸ ਰਿਪੋਰਟ ਨੂੰ ਖਾਰਜ ਕਰਦਿਆਂ ਕਿਹਾ ਕਿ ਇਸ ਵਿੱਚ ਉਸ ਮੁੱਖ ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ ਕਿ ਕੀ ਆਤਿਸ਼ੀ ਨੇ “ਗੁਰੂ” ਸ਼ਬਦ ਬੋਲਿਆ ਸੀ; ਉਨ੍ਹਾਂ ਦਾਅਵਾ ਕੀਤਾ ਕਿ ਆਤਿਸ਼ੀ ਨੇ ਅਜਿਹਾ ਕੋਈ ਸ਼ਬਦ ਨਹੀਂ ਵਰਤਿਆ ਅਤੇ ਭਾਜਪਾ ਇਸ ਵੀਡੀਓ ਰਾਹੀਂ ਧਾਰਮਿਕ ਅਸਥਿਰਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਸ ਤੋਂ ਪਹਿਲਾਂ, ‘ਆਪ’ ਸ਼ਾਸਿਤ ਪੰਜਾਬ ਦੀ ਪੁਲੀਸ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਫੋਰੈਂਸਿਕ ਜਾਂਚ ਵਿੱਚ ਵੀਡੀਓ ‘ਡਾਕਟਰਡ’ (ਛੇੜਛਾੜ ਕੀਤੀ ਹੋਈ) ਪਾਈ ਗਈ ਸੀ, ਜਿਸ ਤੋਂ ਬਾਅਦ ‘ਆਪ’ ਦੇ ਮੁੱਖ ਵ੍ਹਿਪ ਸੰਜੀਵ ਝਾਅ ਨੇ ਕਪਿਲ ਮਿਸ਼ਰਾ ਵਿਰੁੱਧ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਤਹਿਤ ਕਾਰਵਾਈ ਦੀ ਮੰਗ ਕੀਤੀ ਸੀ।
ਸਪੀਕਰ ਗੁਪਤਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 8 ਜਨਵਰੀ ਨੂੰ ‘ਆਪ’ ਦੀ ਮੰਗ ‘ਤੇ ਹੀ ਇਹ ਵੀਡੀਓ ਜਾਂਚ ਲਈ ਭੇਜੀ ਗਈ ਸੀ ਅਤੇ ਰਿਪੋਰਟ ਸਪੱਸ਼ਟ ਕਰਦੀ ਹੈ ਕਿ ਟਿੱਪਣੀ ਵੀਡੀਓ ਦੇ ਫ੍ਰੇਮਾਂ ਨਾਲ ਮੇਲ ਖਾਂਦੀ ਹੈ। ਗੁਪਤਾ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ “ਕਾਹਲੀ ਵਿੱਚ” ਆਪਣੀ ਜਾਂਚ ਕਰਵਾ ਕੇ ਐਫ.ਆਈ.ਆਰ. ਦਰਜ ਕੀਤੀ ਹੈ ਅਤੇ ਹੁਣ ਉਹ ਇਸ ਪੂਰੇ ਮਾਮਲੇ ਅਤੇ ਪੰਜਾਬ ਸਰਕਾਰ ਦੀ ਫੋਰੈਂਸਿਕ ਰਿਪੋਰਟ ਦੀ ਸੀਬੀਆਈ ਜਾਂਚ ਦੀ ਮੰਗ ਕਰਨਗੇ।
ਉਨ੍ਹਾਂ ਕਿਹਾ ਕਿ ਆਤਿਸ਼ੀ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ, ਨਹੀਂ ਤਾਂ ਵਿਧਾਨ ਸਭਾ ਸਖ਼ਤ ਕਾਰਵਾਈ ਕਰੇਗੀ। ਇਹ ਵਿਵਾਦ 6 ਜਨਵਰੀ ਨੂੰ ਵਿਧਾਨ ਸਭਾ ਵਿੱਚ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਸਬੰਧੀ ਚਰਚਾ ਦੌਰਾਨ ਹੋਈ ਕਥਿਤ ਟਿੱਪਣੀ ਤੋਂ ਸ਼ੁਰੂ ਹੋਇਆ ਸੀ। ਜਦਕਿ ਆਤਿਸ਼ੀ ਨੇ ਭਾਜਪਾ ‘ਤੇ ਘਟੀਆ ਰਾਜਨੀਤੀ ਕਰਨ ਦਾ ਦੋਸ਼ ਲਾਇਆ ਹੈ, ਦਿੱਲੀ ਦੇ ਮੰਤਰੀ ਕਪਿਲ ਮਿਸ਼ਰਾ ਨੇ ਕਿਹਾ ਕਿ ਐਫਐਸਐਲ ਰਿਪੋਰਟ ਨੇ ਆਤਿਸ਼ੀ ਦੇ “ਗੁਨਾਹ” ਨੂੰ ਸਾਬਤ ਕਰ ਦਿੱਤਾ ਹੈ।

