19 ਅਕਤੂਬਰ ਨੂੰ ਹੋਵੇਗੀ ਵੋਟਿੰਗ; ਕਾਰਨੀ ਨੇ ਚਿਤਾਵਨੀ ਦਿੱਤੀ ਕਿ ਵੱਖ ਹੋਣ ਦੀ ਪ੍ਰਕਿਰਿਆ ਦੇਸ਼ ਵਿੱਚ ਲੰਬੇ ਸਮੇਂ ਦੀ ਅਨਿਸ਼ਚਿਤਤਾ ਅਤੇ ਵੰਡ ਪੈਦਾ ਕਰ ਸਕਦੀ ਹੈ
ਕੈਲਗਰੀ, ਕੈਨੇਡਾ : ਆਪਣਾ ਪੰਜਾਬ ਮੀਡੀਆ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਲਬਰਟਾ ਸੂਬੇ ਦੇ ਲੋਕਾਂ ਨੂੰ ਕੈਨੇਡਾ ਦੀ ਏਕਤਾ ਕਾਇਮ ਰੱਖਣ ਦੀ ਅਪੀਲ ਕੀਤੀ ਹੈ। ਵੀਰਵਾਰ ਨੂੰ ਕੈਲਗਰੀ ਵਿੱਚ ਹੋਈ ‘ਫ਼ੋਰਐਵਰ ਕੈਨੇਡੀਅਨ’ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਵਿਸ਼ਵ ਹਾਲਾਤਾਂ ਵਿੱਚ ਦੇਸ਼ ਨੂੰ ਵੰਡਣ ਦੀ ਬਜਾਏ ਇਕਜੁੱਟ ਰਹਿਣਾ ਜ਼ਰੂਰੀ ਹੈ। ਕਾਰਨੀ ਨੇ ਚਿਤਾਵਨੀ ਦਿੱਤੀ ਕਿ ਅਲਬਰਟਾ ਨੂੰ ਕੈਨੇਡਾ ਤੋਂ ਵੱਖ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਨਾਲ ਕਈ ਸਾਲਾਂ ਤੱਕ ਸਿਆਸੀ ਅਤੇ ਆਰਥਿਕ ਅਨਿਸ਼ਚਿਤਤਾ ਬਣੀ ਰਹਿ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ ਦੀ ਤਾਕਤ ਉਸ ਦੀ ਏਕਤਾ ਵਿੱਚ ਹੈ।
ਕਾਰਨੀ ਦੀ ਇਹ ਅਪੀਲ 19 ਅਕਤੂਬਰ ਨੂੰ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਆਈ ਹੈ। ਇਸ ਰੈਫਰੈਂਡਮ ਵਿੱਚ ਲੋਕਾਂ ਤੋਂ ਸਿੱਧੇ ਤੌਰ ’ਤੇ ਆਜ਼ਾਦੀ ਬਾਰੇ ਫ਼ੈਸਲਾ ਨਹੀਂ ਪੁੱਛਿਆ ਜਾਵੇਗਾ, ਸਗੋਂ ਇਹ ਤੈਅ ਹੋਵੇਗਾ ਕਿ ਕੀ ਅਲਬਰਟਾ ਸਰਕਾਰ ਨੂੰ ਭਵਿੱਖ ਵਿੱਚ ਕੈਨੇਡਾ ਤੋਂ ਵੱਖ ਹੋਣ ਬਾਰੇ ਬੰਧਨਕਾਰੀ ਰੈਫਰੈਂਡਮ ਕਰਵਾਉਣ ਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ। ਵੱਖਵਾਦ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਦੀਆਂ ਊਰਜਾ ਅਤੇ ਵਾਤਾਵਰਣ ਨੀਤੀਆਂ ਅਲਬਰਟਾ ਦੇ ਤੇਲ ਤੇ ਗੈਸ ਉਦਯੋਗ ਦੇ ਹਿੱਤਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਦੂਜੇ ਪਾਸੇ, ਪ੍ਰਧਾਨ ਮੰਤਰੀ ਕਾਰਨੀ ਦਾ ਮੰਨਣਾ ਹੈ ਕਿ ਸੂਬੇ ਦਾ ਭਵਿੱਖ ਕੈਨੇਡਾ ਦੇ ਅੰਦਰ ਰਹਿ ਕੇ ਵਧੇਰੇ ਸੁਰੱਖਿਅਤ ਬਣ ਸਕਦਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ’ਤੇ ਵਪਾਰਕ ਟੈਰਿਫ਼ ਲਗਾਉਣ ਅਤੇ ਉਸ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਬਾਰੇ ਪਹਿਲਾਂ ਦਿੱਤੇ ਬਿਆਨਾਂ ਕਾਰਨ ਵੀ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਰਿਹਾ ਹੈ। ਕਾਰਨੀ ਨੇ ਕਿਹਾ ਕਿ ਬਾਹਰੀ ਦਬਾਅ ਦੇ ਇਸ ਦੌਰ ਵਿੱਚ ਕੈਨੇਡਾ ਨੂੰ ਆਪਣੀ ਆਰਥਿਕ ਸਮਰੱਥਾ ਵਧਾਉਣ ਅਤੇ ਰਾਸ਼ਟਰੀ ਏਕਤਾ ਮਜ਼ਬੂਤ ਕਰਨ ਦੀ ਲੋੜ ਹੈ। ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਵੀ ਕੈਨੇਡਾ ਵਿੱਚ ਬਣੇ ਰਹਿਣ ਦੇ ਹੱਕ ਵਿੱਚ ਵੋਟ ਪਾਈ ਹੈ, ਹਾਲਾਂਕਿ ਸੂਬੇ ਵਿੱਚ ਵੱਖਵਾਦ ਨੂੰ ਲੈ ਕੇ ਬਹਿਸ ਜਾਰੀ ਹੈ।


