ਆਸਟ੍ਰੇਲੀਆ, ਕੈਨੇਡਾ, ਫਰਾਂਸ ਅਤੇ ਬ੍ਰਿਟੇਨ ਨੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੂੰ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ; ਲੋਕਤੰਤਰ ’ਤੇ ਭਰੋਸਾ ਘਟਣ ਦਾ ਖ਼ਦਸ਼ਾ।
ਓਟਾਵਾ : ਆਪਣਾ ਪੰਜਾਬ ਮੀਡੀਆ : ਫ਼ਲਸਤੀਨ ਵਿੱਚ ਸੰਸਦੀ ਅਤੇ ਰਾਸ਼ਟਰਪਤੀ ਚੋਣਾਂ ਸਤੰਬਰ 2027 ਤੱਕ ਮੁਲਤਵੀ ਕੀਤੇ ਜਾਣ ’ਤੇ ਕੈਨੇਡਾ ਸਮੇਤ ਚਾਰ ਪੱਛਮੀ ਦੇਸ਼ਾਂ ਨੇ ਡੂੰਘਾ ਅਫ਼ਸੋਸ ਪ੍ਰਗਟਾਇਆ ਹੈ। ਆਸਟ੍ਰੇਲੀਆ, ਕੈਨੇਡਾ, ਫਰਾਂਸ ਅਤੇ ਬ੍ਰਿਟੇਨ ਦੇ ਵਿਦੇਸ਼ ਮੰਤਰੀਆਂ ਨੇ 13 ਅਕਤੂਬਰ ਨੂੰ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਚੋਣਾਂ ਵਿੱਚ ਹੋਰ ਦੇਰੀ ਨਾਲ ਫ਼ਲਸਤੀਨੀ ਲੋਕਾਂ ਨੂੰ ਆਪਣੇ ਨੁਮਾਇੰਦੇ ਚੁਣਨ ਦੇ ਲੋਕਤੰਤਰੀ ਅਧਿਕਾਰ ਤੋਂ ਵਾਂਝਾ ਰਹਿਣਾ ਪਵੇਗਾ। ਉਨ੍ਹਾਂ ਮੁਤਾਬਕ, ਫ਼ਲਸਤੀਨੀ ਵਿਧਾਨ ਸਭਾ ਦੀਆਂ ਆਖ਼ਰੀ ਚੋਣਾਂ ਨੂੰ ਲਗਭਗ ਦੋ ਦਹਾਕੇ ਬੀਤ ਚੁੱਕੇ ਹਨ ਅਤੇ 2021 ਵਿੱਚ ਪ੍ਰਸਤਾਵਿਤ ਚੋਣਾਂ ਵੀ ਮੁਲਤਵੀ ਕਰ ਦਿੱਤੀਆਂ ਗਈਆਂ ਸਨ।
ਫ਼ਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਫ਼ੈਸਲਾ ਕੀਤਾ ਹੈ ਕਿ ਸੰਸਦੀ ਅਤੇ ਰਾਸ਼ਟਰਪਤੀ ਚੋਣਾਂ ਹੁਣ 11 ਸਤੰਬਰ 2027 ਨੂੰ ਕਰਵਾਈਆਂ ਜਾਣਗੀਆਂ। ਫ਼ਲਸਤੀਨੀ ਅਧਿਕਾਰੀਆਂ ਨੇ ਦਲੀਲ ਦਿੱਤੀ ਹੈ ਕਿ ਪੂਰਬੀ ਯਰੂਸ਼ਲਮ, ਪੱਛਮੀ ਕੰਢੇ ਅਤੇ ਗਾਜ਼ਾ ਪੱਟੀ ਦੀ ਮੌਜੂਦਾ ਸਥਿਤੀ ਚੋਣਾਂ ਲਈ ਅਨੁਕੂਲ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਗਾਜ਼ਾ ਵਿੱਚ ਚੋਣ ਸਮੱਗਰੀ ਅਤੇ ਅੰਤਰਰਾਸ਼ਟਰੀ ਨਿਗਰਾਨਾਂ ਦੀ ਪਹੁੰਚ ਨੂੰ ਲੈ ਕੇ ਰੁਕਾਵਟਾਂ ਹਨ। ਚਾਰਾਂ ਦੇਸ਼ਾਂ ਨੇ ਇਨ੍ਹਾਂ ਚੁਣੌਤੀਆਂ ਨੂੰ ਸਵੀਕਾਰ ਕਰਦਿਆਂ ਫ਼ਲਸਤੀਨੀ ਅਥਾਰਟੀ ਨੂੰ ਚੋਣਾਂ ਮੁਲਤਵੀ ਕਰਨ ਦੇ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਅਤੇ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।
ਸਾਂਝੇ ਬਿਆਨ ਵਿੱਚ ਕਿਹਾ ਗਿਆ ਕਿ ਭਰੋਸੇਯੋਗ ਚੋਣਾਂ ਫ਼ਲਸਤੀਨੀ ਪ੍ਰਸ਼ਾਸਨ ਵਿੱਚ ਸੁਧਾਰ, ਜਵਾਬਦੇਹੀ ਅਤੇ ਲੋਕਤੰਤਰੀ ਨਵੀਨੀਕਰਨ ਲਈ ਅਹਿਮ ਹਨ। ਚਾਰਾਂ ਦੇਸ਼ਾਂ ਨੇ ਜ਼ੋਰ ਦਿੱਤਾ ਕਿ ਮਜ਼ਬੂਤ ਫ਼ਲਸਤੀਨੀ ਪ੍ਰਸ਼ਾਸਨ ਦੋ-ਰਾਸ਼ਟਰ ਹੱਲ ਦੀ ਬੁਨਿਆਦ ਮਜ਼ਬੂਤ ਕਰਨ ਲਈ ਜ਼ਰੂਰੀ ਹੈ, ਜਿਸ ਰਾਹੀਂ ਇਜ਼ਰਾਈਲ ਅਤੇ ਫ਼ਲਸਤੀਨ ਦੋਵੇਂ ਸ਼ਾਂਤੀ ਅਤੇ ਸੁਰੱਖਿਆ ਨਾਲ ਰਹਿ ਸਕਣ। ਉਨ੍ਹਾਂ ਇਜ਼ਰਾਈਲ ਨੂੰ ਵੀ ਅਪੀਲ ਕੀਤੀ ਕਿ ਉਹ ਚੋਣਾਂ ਕਰਵਾਉਣ ਵਿੱਚ ਰੁਕਾਵਟ ਬਣ ਸਕਣ ਵਾਲੇ ਕਦਮਾਂ ਤੋਂ ਗੁਰੇਜ਼ ਕਰੇ। ਬਿਆਨ ਵਿੱਚ ਇਹ ਵੀ ਦੁਹਰਾਇਆ ਗਿਆ ਕਿ ਹਮਾਸ ਦੀ ਭਵਿੱਖੀ ਫ਼ਲਸਤੀਨੀ ਸਰਕਾਰ ਵਿੱਚ ਕੋਈ ਭੂਮਿਕਾ ਨਹੀਂ ਹੋਣੀ ਚਾਹੀਦੀ।


