ਭਾਰਤ-ਬ੍ਰਿਟੇਨ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ’ਤੇ ਜ਼ੋਰ; ਵਪਾਰ, ਤਕਨਾਲੋਜੀ ਅਤੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਵਿੱਚ ਸਹਿਯੋਗ ਵਧਾਉਣ ਦੀ ਲੋੜ ਦੱਸੀ।
ਨਵੀਂ ਦਿੱਲੀ : ਆਪਣਾ ਪੰਜਾਬ ਮੀਡੀਆ : ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਮੰਗਲਵਾਰ ਨੂੰ ਨਵੀਂ ਦਿੱਲੀ ਵਿਖੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਮੋਦੀ ਨੂੰ ਜਨਤਕ ਸੇਵਾ ਦੇ 25 ਸਾਲ ਪੂਰੇ ਕਰਨ ’ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਵਚਨਬੱਧਤਾ, ਕੰਮ ਕਰਨ ਦੇ ਢੰਗ ਅਤੇ ਊਰਜਾ ਦੀ ਸ਼ਲਾਘਾ ਕੀਤੀ। ਸੁਨਕ ਨੇ ਕਿਹਾ ਕਿ ਮੋਦੀ ਨਾਲ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵਜੋਂ ਕੰਮ ਕਰਨਾ ਉਨ੍ਹਾਂ ਲਈ ਚੰਗਾ ਤਜਰਬਾ ਰਿਹਾ ਹੈ।
ਸੁਨਕ ਨੇ ਕਿਹਾ ਕਿ ਮੋਦੀ ਦੀ ਅਗਵਾਈ ਹੇਠ ਭਾਰਤ ਅਤੇ ਬ੍ਰਿਟੇਨ ਦੇ ਸਬੰਧ ਲਗਾਤਾਰ ਮਜ਼ਬੂਤ ਹੋ ਰਹੇ ਹਨ। ਉਨ੍ਹਾਂ ਅਨੁਸਾਰ, ਬਦਲਦੇ ਵਿਸ਼ਵ ਹਾਲਾਤਾਂ ਵਿੱਚ ਦੋਵਾਂ ਦੇਸ਼ਾਂ ਲਈ ਵਪਾਰ, ਤਕਨਾਲੋਜੀ ਅਤੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣਾ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਆਉਣ ਵਾਲੇ ਸਾਲਾਂ ਵਿੱਚ ਦੋਵਾਂ ਦੇਸ਼ਾਂ ਦੀ ਭਾਈਵਾਲੀ ਹੋਰ ਗੂੜ੍ਹੀ ਹੋਵੇਗੀ।
ਇਸ ਤੋਂ ਪਹਿਲਾਂ ਬਲੂਮਬਰਗ ਨਿਊ ਇਕਾਨਮੀ ਫੋਰਮ ਵਿੱਚ ਬੋਲਦਿਆਂ ਸੁਨਕ ਨੇ ਕਿਹਾ ਕਿ ਵਿਸ਼ਵ ਵਿਵਸਥਾ ਵਿੱਚ ਆ ਰਹੀਆਂ ਤਬਦੀਲੀਆਂ ਕਾਰਨ ਭਾਰਤ ਅਤੇ ਖਾੜੀ ਦੇਸ਼ ਆਪਣੇ ਰਾਸ਼ਟਰੀ ਹਿੱਤਾਂ ਅਨੁਸਾਰ ਸੁਤੰਤਰ ਫ਼ੈਸਲੇ ਲੈਣ ਦੀ ਵਧੇਰੇ ਸਮਰੱਥਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਅਜੋਕੇ ਦੌਰ ਵਿੱਚ ਦੇਸ਼ਾਂ ਦਾ ਹਰ ਮਾਮਲੇ ’ਤੇ ਅਮਰੀਕਾ ਜਾਂ ਚੀਨ ਨਾਲ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਇਹ ਮੁਲਾਕਾਤ ਅਜਿਹੇ ਸਮੇਂ ਹੋਈ ਹੈ ਜਦੋਂ ਭਾਰਤ ਅਤੇ ਬ੍ਰਿਟੇਨ ਵਪਾਰਕ ਸਮਝੌਤੇ ਨੂੰ ਲਾਗੂ ਕਰਨ ਅਤੇ ਆਰਥਿਕ ਸਹਿਯੋਗ ਨੂੰ ਹੋਰ ਵਧਾਉਣ ਲਈ ਵੀ ਕਦਮ ਚੁੱਕ ਰਹੇ ਹਨ।


