ਤਹਿਰਾਨ : ਆਪਣਾ ਪੰਜਾਬ ਮੀਡੀਆ : ਮੱਧ ਪੂਰਬ ਵਿੱਚ ਜਾਰੀ ਅਮਰੀਕਾ-ਈਰਾਨ ਟਕਰਾਅ ਦਰਮਿਆਨ ਈਰਾਨ ਨੇ ਅਮਰੀਕਾ ਅਤੇ ਇਜ਼ਰਾਈਲ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਸ ’ਤੇ ਮੁੜ ਹਮਲਾ ਕੀਤਾ ਗਿਆ ਤਾਂ ਜੰਗ ਦਾ ਦਾਇਰਾ ਹਿੰਦ ਮਹਾਸਾਗਰ ਤੱਕ ਫੈਲ ਸਕਦਾ ਹੈ। ਇਹ ਚੇਤਾਵਨੀ ਈਰਾਨ ਦੇ ਸੁਪਰੀਮ ਲੀਡਰ ਦੇ ਸੀਨੀਅਰ ਫੌਜੀ ਸਲਾਹਕਾਰ ਮੇਜਰ ਜਨਰਲ ਯਾਹਿਆ ਰਹੀਮ ਸਫਵੀ ਨੇ ਦਿੱਤੀ ਹੈ। ਈਰਾਨ ਦੀ ਸਰਕਾਰੀ ਫਾਰਸ ਨਿਊਜ਼ ਏਜੰਸੀ ਵੱਲੋਂ ਜਾਰੀ ਵੀਡੀਓ ਵਿੱਚ ਸਫਵੀ ਨੇ ਕਿਹਾ ਕਿ ਜੰਗ ਪਹਿਲਾਂ ਹੀ ਫਾਰਸ ਦੀ ਖਾੜੀ ਅਤੇ ਹੌਰਮੂਜ਼ ਜਲਮਾਰਗ ਤੋਂ ਲਾਲ ਸਾਗਰ ਤੱਕ ਫੈਲ ਚੁੱਕੀ ਹੈ। ਉਨ੍ਹਾਂ ਮੁਤਾਬਕ ਜੇਕਰ ਮੁੜ ਹਮਲੇ ਹੁੰਦੇ ਹਨ ਤਾਂ ਜੰਗ ਦਾ ਮੋਰਚਾ ਹੋਰ ਅੱਗੇ ਵਧ ਕੇ ਹਿੰਦ ਮਹਾਸਾਗਰ ਅਤੇ ਇਸ ਤੋਂ ਵੀ ਅੱਗੇ ਤੱਕ ਪਹੁੰਚ ਸਕਦਾ ਹੈ।
ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਹੌਰਮੂਜ਼ ਜਲਮਾਰਗ ਅਤੇ ਲਾਲ ਸਾਗਰ ਦੇ ਸਮੁੰਦਰੀ ਰਸਤੇ ਪਹਿਲਾਂ ਹੀ ਤਣਾਅ ਹੇਠ ਹਨ। ਬਾਬ ਅਲ-ਮੰਦਬ ਜਲਮਾਰਗ ਲਾਲ ਸਾਗਰ ਨੂੰ ਅਦਨ ਦੀ ਖਾੜੀ ਅਤੇ ਹਿੰਦ ਮਹਾਸਾਗਰ ਨਾਲ ਜੋੜਦਾ ਹੈ, ਜਿਸ ਕਾਰਨ ਖੇਤਰ ਵਿੱਚ ਵਧਦਾ ਤਣਾਅ ਅੰਤਰਰਾਸ਼ਟਰੀ ਸਮੁੰਦਰੀ ਵਪਾਰ ਲਈ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਈਰਾਨੀ ਅਧਿਕਾਰੀ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਅਮਰੀਕੀ ਸੈਨਿਕ ਕਾਰਵਾਈ ਵਧਣ ਦੀ ਸਥਿਤੀ ਵਿੱਚ ਉਹ ਆਪਣੇ ਜਵਾਬ ਦੀ ਰਣਨੀਤੀ ਅਤੇ ਨਿਸ਼ਾਨਿਆਂ ਵਿੱਚ ਤਬਦੀਲੀ ਕਰ ਸਕਦੇ ਹਨ। ਹਾਲਾਂਕਿ ਸਫਵੀ ਦੀ ਤਾਜ਼ਾ ਟਿੱਪਣੀ ਵਿੱਚ ਪਹਿਲੀ ਵਾਰ ਹਿੰਦ ਮਹਾਸਾਗਰ ਨੂੰ ਸੰਭਾਵਿਤ ਨਵੇਂ ਜੰਗੀ ਮੋਰਚੇ ਵਜੋਂ ਸਪੱਸ਼ਟ ਤੌਰ ’ਤੇ ਦਰਸਾਇਆ ਗਿਆ ਹੈ।
ਅਮਰੀਕਾ ਨੇ ਮੁੜ ਹਮਲਾ ਕੀਤਾ ਤਾਂ ਜੰਗ ਹਿੰਦ ਮਹਾਸਾਗਰ ਤੱਕ ਫੈਲ ਸਕਦੀ ਹੈ: ਈਰਾਨ
Leave a Comment


