ਚੋਣ ਮੁਹਿੰਮ ਵਿੱਚ ਪਾਰਟੀ ਸਾਥੀਆਂ ਦਾ ਸਮਰਥਨ ਕਰਾਂਗਾ : ਰਵੀ ਕਾਹਲੋਂ
ਬ੍ਰਿਟਿਸ਼ ਕੋਲੰਬੀਆ : ਆਪਣਾ ਪੰਜਾਬ ਮੀਡੀਆ : ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਮੰਤਰੀ ਰਵੀ ਕਾਹਲੋਂ ਨੇ ਆਉਣ ਵਾਲੀਆਂ ਸੂਬਾਈ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਹੈ। ਕਾਹਲੋਂ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਜਾਰੀ ਬਿਆਨ ਵਿੱਚ ਕਿਹਾ ਕਿ ਉਹ ਉਸ ਭਾਈਚਾਰੇ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਣ ਲਈ ਬਹੁਤ ਧੰਨਵਾਦੀ ਹਨ, ਜਿਸ ਨਾਲ ਉਹ ਬਹੁਤ ਪਿਆਰ ਕਰਦੇ ਹਨ। ਕਾਹਲੋਂ ਨੇ ਚੋਣ ਨਾ ਲੜਨ ਦੇ ਫ਼ੈਸਲੇ ਦਾ ਕੋਈ ਖ਼ਾਸ ਕਾਰਨ ਨਹੀਂ ਦੱਸਿਆ। ਹਾਲਾਂਕਿ, ਉਨ੍ਹਾਂ ਕਿਹਾ ਕਿ ਚੋਣ ਮੁਹਿੰਮ ਦੌਰਾਨ ਉਹ ਆਪਣੇ ਸਹਿਯੋਗੀਆਂ ਅਤੇ ਐਨਡੀਪੀ ਦੇ ਹੋਰ ਉਮੀਦਵਾਰਾਂ ਦੇ ਸਮਰਥਨ ਲਈ ਘਰ-ਘਰ ਜਾ ਕੇ ਪ੍ਰਚਾਰ ਕਰਨਗੇ।
ਰਵੀ ਕਾਹਲੋਂ ਪਹਿਲੀ ਵਾਰ 2017 ਵਿੱਚ ਡੈਲਟਾ ਨੌਰਥ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ 2020 ਅਤੇ 2024 ਦੀਆਂ ਚੋਣਾਂ ਵਿੱਚ ਵੀ ਜਿੱਤ ਦਰਜ ਕੀਤੀ। ਉਹ 2020 ਤੋਂ ਸੂਬਾਈ ਕੈਬਨਿਟ ਦਾ ਹਿੱਸਾ ਹਨ। ਇਸ ਦੌਰਾਨ ਉਹ ਰੁਜ਼ਗਾਰ ਅਤੇ ਆਰਥਿਕ ਵਿਕਾਸ ਮੰਤਰੀ ਦੇ ਨਾਲ-ਨਾਲ ਹਾਊਸਿੰਗ ਮੰਤਰੀ ਦੀ ਜ਼ਿੰਮੇਵਾਰੀ ਵੀ ਨਿਭਾ ਚੁੱਕੇ ਹਨ। ਕਾਹਲੋਂ ਨੂੰ ਲੰਬੇ ਸਮੇਂ ਤੋਂ ਐਨਡੀਪੀ ਦੀ ਅਗਵਾਈ ਲਈ ਸੰਭਾਵਿਤ ਦਾਅਵੇਦਾਰਾਂ ਵਿੱਚ ਗਿਣਿਆ ਜਾਂਦਾ ਰਿਹਾ ਹੈ। 2022 ਵਿੱਚ ਵੀ ਉਨ੍ਹਾਂ ਨੇ ਪਾਰਟੀ ਦੀ ਅਗਵਾਈ ਲਈ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ। ਉਸ ਸਮੇਂ ਉਨ੍ਹਾਂ ਕਿਹਾ ਸੀ ਕਿ ਉਹ ਆਪਣੇ ਪਰਿਵਾਰ ’ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਨ।


