ਦਿੱਲੀ ਪੁਲੀਸ ਨੇ ਬਿਨਾਂ ਇਜਾਜ਼ਤ ਸਰਕਾਰੀ ਕੰਪਲੈਕਸ ’ਚ ਦਾਖ਼ਲ ਹੋਣ ਦੇ ਦੋਸ਼ ’ਚ ਦਰਜ ਕੀਤਾ ਮਾਮਲਾ
ਨਵੀਂ ਦਿੱਲੀ : ਆਪਣਾ ਪੰਜਾਬ ਮੀਡੀਆ : ਦਿੱਲੀ ਪੁਲੀਸ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਸਮੇਤ ਹੋਰ ਆਗੂਆਂ ਖ਼ਿਲਾਫ਼ ਆਕਾਸ਼ਵਾਣੀ ਭਵਨ ਵਿੱਚ ਕਥਿਤ ਤੌਰ ’ਤੇ ਬਿਨਾਂ ਇਜਾਜ਼ਤ ਦਾਖ਼ਲ ਹੋਣ ਦੇ ਮਾਮਲੇ ਵਿੱਚ ਐੱਫ.ਆਈ.ਆਰ. ਦਰਜ ਕੀਤੀ ਹੈ। ਇਹ ਕਾਰਵਾਈ ਮੰਗਲਵਾਰ ਨੂੰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਅਤੇ ਵੋਟਰ ਸੂਚੀਆਂ ਦੀ SIR ਪ੍ਰਕਿਰਿਆ ਖ਼ਿਲਾਫ਼ ਕੀਤੇ ਗਏ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਹੋਈ। ਪੁਲੀਸ ਮੁਤਾਬਕ INDIA ਬਲਾਕ ਦੇ ਆਗੂ ਸੰਸਦ ਤੋਂ ਚੋਣ ਕਮਿਸ਼ਨ ਦੇ ਦਫ਼ਤਰ ਵੱਲ ਮਾਰਚ ਕਰ ਰਹੇ ਸਨ, ਪਰ ਉਨ੍ਹਾਂ ਨੂੰ ਆਕਾਸ਼ਵਾਣੀ ਭਵਨ ਨੇੜੇ ਰੋਕ ਦਿੱਤਾ ਗਿਆ।
ਪੁਲੀਸ ਦੇ ਅਨੁਸਾਰ ਰਾਹੁਲ ਗਾਂਧੀ ਬੈਰੀਕੇਡ ਪਾਰ ਕਰਕੇ ਆਕਾਸ਼ਵਾਣੀ ਭਵਨ ਦੇ ਅਹਾਤੇ ਵਿੱਚ ਦਾਖ਼ਲ ਹੋਏ, ਜਿਸ ਤੋਂ ਬਾਅਦ ਪ੍ਰਿਅੰਕਾ ਗਾਂਧੀ ਵਾਡਰਾ ਅਤੇ ਹੋਰ ਵਿਰੋਧੀ ਆਗੂ ਵੀ ਉੱਥੇ ਪਹੁੰਚ ਗਏ। ਆਗੂਆਂ ਨੇ ਕੰਪਲੈਕਸ ਵਿੱਚ ਧਰਨਾ ਸ਼ੁਰੂ ਕਰ ਦਿੱਤਾ ਅਤੇ ਚੋਣ ਕਮਿਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਦੀ ਮੰਗ ਕੀਤੀ। ਪੁਲੀਸ ਦਾ ਕਹਿਣਾ ਹੈ ਕਿ ਮਾਰਚ ਲਈ ਪਹਿਲਾਂ ਇਜਾਜ਼ਤ ਨਹੀਂ ਲਈ ਗਈ ਸੀ ਅਤੇ ਪ੍ਰਦਰਸ਼ਨਕਾਰੀਆਂ ਨੂੰ ਕੰਪਲੈਕਸ ਖਾਲੀ ਕਰਨ ਲਈ ਕਿਹਾ ਗਿਆ ਸੀ, ਪਰ ਉਹ ਉੱਥੋਂ ਨਹੀਂ ਹਟੇ।
ਕਰੀਬ ਕਈ ਘੰਟਿਆਂ ਤੱਕ ਚੱਲੇ ਧਰਨੇ ਤੋਂ ਬਾਅਦ ਦਿੱਲੀ ਪੁਲੀਸ ਨੇ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਅਤੇ ਹੋਰ ਆਗੂਆਂ ਨੂੰ ਹਿਰਾਸਤ ਵਿੱਚ ਲੈ ਕੇ ਨਿਊ ਪੁਲੀਸ ਲਾਈਨਜ਼, ਕਿੰਗਜ਼ਵੇ ਕੈਂਪ ਲਿਜਾਇਆ ਸੀ, ਜਿੱਥੋਂ ਬਾਅਦ ਵਿੱਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਹੁਣ ਆਕਾਸ਼ਵਾਣੀ ਭਵਨ ਵਿੱਚ ਕਥਿਤ ਬਿਨਾਂ ਇਜਾਜ਼ਤ ਦਾਖ਼ਲੇ ਨੂੰ ਲੈ ਕੇ ਐੱਫ.ਆਈ.ਆਰ. ਦਰਜ ਹੋਣ ਨਾਲ ਇਹ ਮਾਮਲਾ ਕਾਨੂੰਨੀ ਰੂਪ ਵਿੱਚ ਵੀ ਅੱਗੇ ਵਧ ਗਿਆ ਹੈ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


