ਆਪਣਾ ਪੰਜਾਬ ਮੀਡੀਆ : ਭਾਰਤ ਦੇ ਵਪਾਰ ਅਤੇ ਉਦਯੋਗ ਮੰਤਰੀ ਸ੍ਰੀ ਪਿਊਸ਼ ਗੋਇਲ ਇਸ ਸਮੇਂ ਆਪਣੇ ਵਫ਼ਦ ਨਾਲ ਕੈਨੇਡਾ ਦੇ ਦੌਰੇ `ਤੇ ਹਨ। ਇਸ ਦੇ ਚਲਦੇ ਬਰੈਂਪਟਨ ਦੇ Pearson Convention Center ਵਿੱਚ ਭਾਰਤ ਦੇ ਕੌਂਸੂਲੇਟ ਜਨਰਲ ਟੋਰਾਂਟੋ ਵੱਲੋਂ ਕਰਵਾਏ ਗਏ ਵਿਸ਼ਾਲ ਸਮਾਗਮ ਦੌਰਾਨ ਸ੍ਰੀ ਪਿਊਸ਼ ਗੋਇਲ ਨੇ ਕੈਨੇਡਾ ਵਿੱਚ ਵਸਦੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਭਾਰਤ ਦੀ ਉਭਰਦੀ ਆਰਥਿਕ ਤਾਕਤ, ਭਾਰਤ-ਕੈਨੇਡਾ ਸੰਬੰਧਾਂ ਅਤੇ ਵਿਸ਼ਵ ਪੱਧਰ ’ਤੇ ਭਾਰਤ ਦੀ ਵਧਦੀ ਪਛਾਣ ਬਾਰੇ ਵਿਸਥਾਰ ਨਾਲ ਗੱਲ ਕੀਤੀ।ਇਸ ਸਮਾਗਮ ਦੌਰਾਨ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸ਼੍ਰੀ ਦਿਨੇਸ਼ ਕੇ. ਪਟਨਾਇਕ ਅਤੇ ਟੋਰਾਂਟੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਸ੍ਰੀ ਮਹਾਵੀਰ ਸਿੰਘਵੀ ਵਿਸ਼ੇਸ਼ ਤੌਰ `ਤੇ ਮੌਜ਼ੂਦ ਸਨ। ਇਸ ਮੌਕੇ Indo Canada Chamber of Commerce ਦੇ ਨੁਮਾਇੰਦਿਆਂ ਸਮੇਤ ਵੱਡੀ ਗਿਣਤੀ ਵਿੱਚ ਭਾਰਤੀ ਮੂਲ ਦੇ ਲੋਕਾਂ ਨੇ ਹਾਜ਼ਰੀ ਭਰੀ।
ਆਪਣੇ ਸੰਬੋਧਨ ਵਿੱਚ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਅੱਜ ਦਾ ਭਾਰਤ ਇੱਕ ਨਵੇਂ ਵਿਸ਼ਵਾਸ ਨਾਲ ਅੱਗੇ ਵਧ ਰਿਹਾ ਹੈ ਅਤੇ ਦੁਨੀਆਂ ਭਾਰਤ ਨੂੰ ਇੱਕ ਮਜ਼ਬੂਤ, ਲੋਕਤਾਂਤ੍ਰਿਕ ਅਤੇ ਭਰੋਸੇਯੋਗ ਦੇਸ਼ ਵਜੋਂ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਵਿੱਚ ਬੁਨਿਆਦੀ ਢਾਂਚੇ, ਡਿਜ਼ੀਟਲ ਤਕਨਾਲਾਜੀ, ਨਵੀਨੀਕਰਨਯੋਗ ਊਰਜਾ, ਸਟਾਰਟਅੱਪ ਅਤੇ ਨਿਰਮਾਣ ਖੇਤਰ ਵਿੱਚ ਵੱਡੇ ਪੱਧਰ ’ਤੇ ਤਰੱਕੀ ਹੋਈ ਹੈ।
ਉਨ੍ਹਾਂ ਕਿਹਾ ਕਿ ‘ਮੇਕ ਇਨ ਇੰਡੀਆ’, ‘ਸਟਾਰਟਅੱਪ ਇੰਡੀਆ’ ਅਤੇ ‘ਡਿਜ਼ੀਟਲ ਇੰਡੀਆ’ ਵਰਗੀਆਂ ਯੋਜਨਾਵਾਂ ਨੇ ਭਾਰਤ ਦੇ ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲਿਆਂ ਤੋਂ ਨੌਕਰੀਆਂ ਪੈਦਾ ਕਰਨ ਵਾਲਿਆਂ ਵਿੱਚ ਬਦਲਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ ਵਿੱਚ 5ਜੀ ਅਤੇ ਡਿਜ਼ੀਟਲ ਕਨੈਕਟੀਵਿਟੀ ਦੇ ਫੈਲਾਅ ਨਾਲ ਇੱਕ ਬਿਲੀਅਨ ਤੋਂ ਵੱਧ ਇੰਟਰਨੈੱਟ ਉਪਭੋਗਤਾ ਦੁਨੀਆਂ ਨਾਲ ਜੁੜੇ ਹੋਏ ਹਨ।ਮੰਤਰੀ ਗੋਇਲ ਨੇ ਕੈਨੇਡਾ ਵਿੱਚ ਵਸਦੇ ਭਾਰਤੀ ਭਾਈਚਾਰੇ ਦੀ ਵੀ ਖੂਬ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਮੂਲ ਦੇ ਡਾਕਟਰ, ਇੰਜੀਨੀਅਰ, ਚਾਰਟਰਡ ਅਕਾਉਂਟੈਂਟ, ਨਰਸਾਂ, ਵਿਗਿਆਨੀ ਅਤੇ ਉਦਯੋਗਪਤੀ ਕੈਨੇਡਾ ਦੀ ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ ਅਤੇ ਹਰ ਭਾਰਤੀ ਆਪਣੇ ਆਪ ਵਿੱਚ “ਭਾਰਤ ਦਾ ਰਾਜਦੂਤ” ਹੈ।
ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਇੱਕ ਦੂਜੇ ਦੇ ਕੁਦਰਤੀ ਸਾਥੀ ਹਨ ਅਤੇ ਦੋਨਾਂ ਦੇਸ਼ਾਂ ਵਿਚਕਾਰ ਵਪਾਰ, ਨਿਵੇਸ਼, ਤਕਨਾਲਾਜੀ, ਸਿੱਖਿਆ ਅਤੇ ਨਵੀਨੀਕਰਨ ਦੇ ਖੇਤਰਾਂ ਵਿੱਚ ਬੇਅੰਤ ਸੰਭਾਵਨਾਵਾਂ ਮੌਜੂਦ ਹਨ। ਉਨ੍ਹਾਂ ਨੇ ਦੱਸਿਆ ਕਿ ਭਾਰਤ ਕਈ ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤੇ ਕਰ ਰਿਹਾ ਹੈ ਅਤੇ ਕੈਨੇਡਾ ਨਾਲ ਵੀ ਮਜ਼ਬੂਤ ਆਰਥਿਕ ਭਾਈਚਾਰੇ ਦੀ ਦਿਸ਼ਾ ਵਿੱਚ ਕੰਮ ਜਾਰੀ ਹੈ।

