ਆਪਣਾ ਪੰਜਾਬ ਮੀਡੀਆ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਯੁੱਧ ਖ਼ਤਮ ਕਰਨ ਲਈ ਇਰਾਨ ਨਾਲ ਸ਼ਾਂਤੀ ਗੱਲਬਾਤ “ਚੰਗੀ ਤਰ੍ਹਾਂ” ਅੱਗੇ ਵਧ ਰਹੀ ਹੈ ਅਤੇ ਅਗਲੇ ਕੁਝ ਦਿਨਾਂ ਵਿੱਚ ਅੰਤਿਮ ਫੈਸਲਾ ਹੋਣ ਦੀ ਉਮੀਦ ਹੈ। ਉਨ੍ਹਾਂ ਨੇ ‘ਟਰੁੱਥ ਸੋਸ਼ਲ’ ‘ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਗੱਲਬਾਤ ਵਿੱਚ ਵਿਚੋਲਗੀ ਕਰ ਰਹੇ ਅਤੇ ਸਬੰਧਤ ਦੇਸ਼ਾਂ ਲਈ ਇਜ਼ਰਾਈਲ ਨਾਲ ਰਾਜਦੂਤਕ ਤੇ ਸੁਰੱਖਿਆ ਸਬੰਧ ਸਥਾਪਤ ਕਰਨ ਵਾਲੇ ‘ਅਬਰਾਹਮ ਸਮਝੌਤੇ’ ‘ਤੇ ਦਸਤਖਤ ਕਰਨਾ ਲਾਜ਼ਮੀ ਹੋਣਾ ਚਾਹੀਦਾ ਹੈ। ਟਰੰਪ ਚਾਹੁੰਦੇ ਹਨ ਕਿ ਯੂ.ਏ.ਈ. ਅਤੇ ਬਹਿਰੀਨ ਵਾਂਗ ਸਊਦੀ ਅਰਬ, ਕਤਰ, ਪਾਕਿਸਤਾਨ, ਤੁਰਕੀ, ਮਿਸਰ ਅਤੇ ਜਾਰਡਨ ਵੀ ਇਸ ਸਮਝੌਤੇ ਦਾ ਹਿੱਸਾ ਬਣਨ।
ਸੰਚਾਰ ਪ੍ਰਣਾਲੀ ਕਾਰਨ ਫੈਸਲੇ ਵਿੱਚ ਦੇਰੀ ਦੀ ਸੰਭਾਵਨਾ
ਅਮਰੀਕੀ ਅਧਿਕਾਰੀਆਂ ਮੁਤਾਬਕ ਇਰਾਨ ਦੇ ਸਰਵਉੱਚ ਨੇਤਾ ਮੋਜਤਬਾ ਖਾਮੇਨਈ ਇੱਕ ਗੁਪਤ ਜਗ੍ਹਾ (ਬੰਕਰ) ਤੋਂ ਕੰਮ ਕਰ ਰਹੇ ਹਨ, ਜਿਸ ਕਾਰਨ ਬਾਹਰੀ ਦੁਨੀਆ ਅਤੇ ਖ਼ੁਦ ਇਰਾਨੀ ਅਧਿਕਾਰੀਆਂ ਦਾ ਉਨ੍ਹਾਂ ਨਾਲ ਸਿੱਧਾ ਸੰਪਰਕ ਨਹੀਂ ਹੈ। ਅਮਰੀਕਾ ਵੱਲੋਂ ਭੇਜੀਆਂ ਸ਼ਰਤਾਂ ਨੂੰ ਸੰਦੇਸ਼ਵਾਹਕਾਂ (messengers) ਦੇ ਇੱਕ ਬੇਹੱਦ ਗੁੰਝਲਦਾਰ ਨੈੱਟਵਰਕ ਰਾਹੀਂ ਸਰਵਉੱਚ ਨੇਤਾ ਤੱਕ ਪਹੁੰਚਾਇਆ ਜਾ ਰਿਹਾ ਹੈ, ਜਿਸ ਕਾਰਨ ਅੰਤਿਮ ਜਵਾਬ ਆਉਣ ਵਿੱਚ ਸਮਾਂ ਲੱਗ ਰਿਹਾ ਹੈ। ਹਾਲਾਂਕਿ, ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਖਾਮੇਨਈ ਮਸੌਦਾ ਸਮਝੌਤੇ ਦੀ ਮੌਜੂਦਾ ਰੂਪਰੇਖਾ ‘ਤੇ ਸਹਿਮਤ ਹੋ ਗਏ ਹਨ।

